ਚੰਡੀਗੜ੍ਹ, 29 ਜਨਵਰੀ: ਚੰਡੀਗੜ੍ਹ ਦੇ ਸਕੂਲਾਂ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਸਕੱਤਰੇਤ ਸਮੇਤ ਚਾਰ ਅਹਿਮ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਈ-ਮੇਲ ਰਾਹੀਂ ਮਿਲੀ ਇਸ ਧਮਕੀ ਨੇ ਪ੍ਰਸ਼ਾਸਨ ਵਿਚ ਭਾਜੜ ਪਾ ਦਿੱਤੀ। ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਹਰਕਤ ਵਿਚ ਆਏ।
ਪੁਲਸ ਨੇ ਸੈਕਟਰ-1 ਸਥਿਤ ਮੁੱਖ ਸਕੱਤਰੇਤ, ਸੈਕਟਰ-35 ਸਥਿਤ ਪੰਜਾਬ ਮਿਉਂਸਪਲ ਭਵਨ, ਸੈਕਟਰ-17 ਦੇ ਹਰਿਆਣਾ ਮਿੰਨੀ ਸਕੱਤਰੇਤ ਅਤੇ ਸੈਕਟਰ-9 ਦੇ ਪੰਜਾਬ ਮਿੰਨੀ ਸਕੱਤਰੇਤ ਨੂੰ ਘੇਰੇ ਵਿਚ ਲੈ ਕੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ। ਕਰੀਬ 3 ਘੰਟੇ ਚੱਲੇ ਸਰਚ ਆਪ੍ਰੇਸ਼ਨ ਦੌਰਾਨ ਪੁਲਸ ਨੂੰ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਧਮਕੀ ‘ਖਾਲਿਸਤਾਨ ਨੈਸ਼ਨਲ ਆਰਮੀ’ ਵਲੋਂ ‘ਐੱਮ. ਗਿੱਲ’ ਨਾਂ ਦੇ ਜੀ-ਮੇਲ ਖਾਤੇ ਰਾਹੀਂ ਭੇਜੀ ਗਈ ਹੈ। ਇਸ ਵਿਚ ਇੰਜੀਨੀਅਰ ਗੁਰਨਾਖ ਸਿੰਘ ਰੂਕਨ ਸ਼ਾਹਵਾਲਾ ਦੇ ਨਾਂ ਹੇਠ ਦਸਤਖਤ ਸਨ। ਈ-ਮੇਲ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਣ ਅਤੇ ਦਫ਼ਤਰਾਂ ਵਿਚ ਆਈ.ਈ.ਡੀ. ਲਗਾਉਣ ਦਾ ਦਾਅਵਾ ਕੀਤਾ ਗਿਆ ਸੀ। ਸਾਈਬਰ ਸੈੱਲ ਵਲੋਂ ਆਈ.ਪੀ. ਐਡਰੈੱਸ ਟਰੇਸ ਕੀਤਾ ਜਾ ਰਿਹਾ ਹੈ।
ਦਿੱਲੀ ਦੇ 5 ਸਕੂਲਾਂ ਨੂੰ ਵੀ ਧਮਕੀਆਂ ਮਿਲੀਆਂ
ਇਸ ਦੌਰਾਨ ਵੀਰਵਾਰ ਸਵੇਰੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਦੇ 5 ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਦਿੱਲੀ ਫਾਇਰ ਸਰਵਿਸ ਨੂੰ ਸਵੇਰੇ 8.30 ਵਜੇ ਸੂਚਨਾ ਮਿਲੀ, ਜਿਸ ਮਗਰੋਂ ਸੁਰੱਖਿਆ ਏਜੰਸੀਆਂ ਨੇ ਇਮਾਰਤਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ।
ਹਾਲਾਂਕਿ, ਜਾਂਚ ਤੋਂ ਬਾਅਦ ਇਹ ਮਹਿਜ਼ ਅਫਵਾਹ ਸਾਬਤ ਹੋਈ। ਪੁਲਸ ਸੂਤਰਾਂ ਮੁਤਾਬਕ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
Read More : ਭਾਜਪਾ ਦੇ ਸੌਰਭ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ
