ਪੰਜਾਬ ਸਰਕਾਰ ਵੱਲੋਂ ਐੱਸ.ਡੀ.ਐੱਮ. ਗਗਨਦੀਪ ਸਿੰਘ ਨੇ ਭੇਟ ਕੀਤੀ ਸ਼ਰਧਾਂਜਲੀ
ਸੰਗਰੂਰ, 26 ਫਰਵਰੀ : ਮਨੀਪੁਰ ’ਚ ਹਾਲ ਹੀ ’ਚ ਹੋਈ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਹੌਲਦਾਰ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਹਿਲਾਂ ਵਿਖੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਸ਼ਹੀਦ ਗੁਰਦੀਪ ਸਿੰਘ ਨੂੰ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
ਸ਼ਹੀਦ ਨੂੰ ਫ਼ੌਜੀ ਜਵਾਨਾਂ ਦੀ ਇਕ ਟੁਕੜੀ ਵੱਲੋਂ ਹਥਿਆਰ ਝੁਕਾ ਕੇ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਰੀਥ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜਾਬ ਸਰਕਾਰ ਦੀ ਤਰਫੋਂ ਐੱਸ.ਡੀ.ਐੱਮ. ਸੁਨਾਮ ਗਗਨਦੀਪ ਸਿੰਘ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਤਰਫੋਂ ਉਨ੍ਹਾਂ ਦੇ ਓ.ਐੱਸ.ਡੀ. ਤਪਿੰਦਰ ਸਿੰਘ ਸੋਹੀ ਵੱਲੋਂ ਸ਼ਹੀਦ ਦੀ ਮ੍ਰਿਤਕ ਦੇਹ ’ਤੇ ਰੀਥ ਰੱਖਣ ਦੀ ਰਸਮ ਅਦਾ ਕੀਤੀ ਗਈ। ਪੰਜਾਬ ਪੁਲਸ ਤਰਫੋਂ ਡੀ.ਐੱਸ.ਪੀ. ਡਾ. ਆਰ.ਕੇ. ਬਾਜਵਾ ਵੱਲੋਂ ਸ਼ਰਧਾਂਜਲੀ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਐੱਸ.ਡੀ.ਐੱਮ. ਗਗਨਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਗੁਰਦੀਪ ਸਿੰਘ ਦੇ ਜਾਣ ਨਾਲ ਪਰਿਵਾਰ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਪਰਿਵਾਰ ਦੀ ਹਰ ਸੰਭਵ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਸ਼ਹੀਦ ਗੁਰਦੀਪ ਸਿੰਘ ਨੇ ਲਗਭਗ 22 ਸਾਲ ਦੇਸ਼ ਦੀ ਸੇਵਾ ਕੀਤੀ ਹੈ ਅਤੇ ਉਹ ਖੇਡਾਂ ਦੇ ਵਿੱਚ ਕਾਫ਼ੀ ਚੰਗੇ ਸਨ। ਸ਼ਹੀਦ ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਿਆ ਹੈ।
Read More : ਭਿਆਨਕ ਹਾਦਸਾ : ਮਹਿਲਾ ਕਾਂਸਟੇਬਲ ਤੇ 2 ਸਾਲਾ ਪੁੱਤਰ ਜ਼ਿੰਦਾ ਸੜੇ
