Health Minister Dr. Balbir Singh

ਪਟਿਆਲਾ ’ਚ ਬੌਣਾ ਵਾਇਰਸ ਨਾਲ ਹਜ਼ਾਰਾਂ ਏਕੜ ਝੋਨਾ ਖਰਾਬ ਹੋਇਆ : ਸਿਹਤ ਮੰਤਰੀ

ਡਾ. ਬਲਬੀਰ ਸਿੰਘ ਨੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਟੀਮ ਨਾਲ ਪਿੰਡਾਂ ਦਾ ਦੌਰਾ ਕਰਕੇ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ

ਪਟਿਆਲਾ, 20 ਸਤੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਖੇਤੀਬਾੜੀ ਵਿਭਾਗ ਦੇ ਮਾਹਰਾਂ ਦੀ ਟੀਮ ਨਾਲ ਪਟਿਆਲਾ ਜ਼ਿਲੇ ਦੇ ਪਿੰਡਾਂ ਲੰਗ, ਲਚਕਾਣੀ, ਨਵਾਂ ਫਤਿਹਪੁਰ, ਬਖ਼ਸ਼ੀਵਾਲਾ, ਦੰਦਰਾਲਾ ਖੁਰਦ, ਲੌਟ, ਆਲੋਵਾਲ ਅਤੇ ਸਿੱਧੂਵਾਲ ਦਾ ਦੌਰਾ ਕਰ ਕੇ ਸਦਰਨ ਰਾਈਸ ਬਲੈਕ ਸਟ੍ਰੀਕਡ ਡਾਰਫ਼ ਵਾਇਰਸ (ਬੌਣਾ ਵਾਇਰਸ) ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਝੋਨੇ ਦੀ ਫ਼ਸਲ ਦਾ ਨਿਰੀਖਣ ਕੀਤਾ।

ਇਸ ਮੌਕੇ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ, ਉਨ੍ਹਾਂ ਕਿਹਾ ਕਿ ਇਸ ਵਾਇਰਸ ਨਾਲ ਪ੍ਰਭਾਵਿਤ ਫ਼ਸਲ ਸਬੰਧੀ ਉਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਗਈ ਹੈ ਤਾਂ ਜੋ ਇਸ ਦਾ ਢੁਕਵਾਂ ਹੱਲ ਕਰ ਕੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਲਗਭਗ 8 ਹਜ਼ਾਰ ਏਕੜ ਝੋਨੇ ਦੀ ਫ਼ਸਲ ਇਸ ਵਾਇਰਸ ਤੇ ਹਲਦੀ ਰੋਗ (ਝੂਠੀ ਕਾਂਗਿਆਰੀ) ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਨੂੰ ਹਦਾਇਤ ਕੀਤੀ ਕਿ ਕਾਰਨਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇ ਅਤੇ ਫ਼ੌਰੀ ਰਾਹਤ ਲਈ ਕਦਮ ਚੁੱਕੇ ਜਾਣ ਤਾਂ ਜੋ ਵਾਇਰਸ ਹੋਰ ਨਾ ਫੈਲੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਤੇ ਫ਼ਸਲਾਂ ’ਤੇ ਵਾਇਰਸ ਦੀ ਦੋਹਰੀ ਮਾਰ ਝੱਲਣ ਵਾਲੇ ਕਿਸਾਨਾਂ ਦੀ ਸਾਰ ਲੈਣ ਲਈ ਵਚਨਬੱਧ ਹੈ।

ਖੇਤੀਬਾੜੀ ਵਿਭਾਗ ਦੇ ਮਾਹਰਾਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਸ ਵਾਰ 25 ਜੂਨ ਤੋਂ ਪਹਿਲਾਂ ਲਗਾਏ ਗਏ ਝੋਨੇ, ਖ਼ਾਸ ਕਰਕੇ ਪੀ.ਆਰ. 131, ਪੀ.ਆਰ. 132 ਅਤੇ ਪੀ.ਆਰ. 114 ਵਰਗੀਆਂ ਕਿਸਮਾਂ ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੋਈਆਂ ਹਨ। ਝੂਠੀ ਕਾਂਗਿਆਰੀ ਤੋਂ ਪ੍ਰਭਾਵਿਤ ਬੂਟੇ ਬੌਣੇ (ਮਧਰੇ) ਰਹਿ ਜਾਂਦੇ ਹਨ, ਠੀਕ ਤਰ੍ਹਾਂ ਵਧ ਨਹੀਂ ਸਕਦੇ ਅਤੇ ਉਨ੍ਹਾਂ ਵਿਚ ਦਾਣਾ ਨਹੀਂ ਬਣਦਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਵੱਧ ਬਰਸਾਤ ਅਤੇ ਨਮੀ ਕਾਰਨ ਵਾਇਰਸ ਤੇ ਹਲਦੀ ਰੋਗ ਦੇ ਫੈਲਾਅ ਵਿਚ ਵਾਧਾ ਹੋਇਆ ਹੈ।

ਕਿਸਾਨਾਂ ਨੂੰ ਤੁਰੰਤ ਕਦਮ ਚੁੱਕਣ ਲਈ ਸਲਾਹ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਹਰਾਂ ਨੇ ਖੇਤਾਂ ਵਿਚੋਂ ਵੱਧ ਪਾਣੀ ਕੱਢਣ, ਜ਼ਿੰਕ ਦੀ ਖ਼ੁਰਾਕ ਦੇਣ ਅਤੇ ਚਿੱਟੀ ਪਿੱਠ ਵਾਲੇ ਟਿੱਡੇ ’ਤੇ ਕਾਬੂ ਪਾਉਣ ਲਈ ਕੀਟਨਾਸ਼ਕ ਛਿੜਕਾਅ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਸ ਮੌਕੇ ਮੁੱਖ ਖੇਤੀ ਅਫ਼ਸਰ ਡਾ. ਜਸਵਿੰਦਰ ਸਿੰਘ, ਖੇਤੀ ਅਧਿਕਾਰੀ ਗੁਰਮੀਤ ਸਿੰਘ, ਖੇਤੀ ਵਿਕਾਸ ਅਧਿਕਾਰੀ ਰਸਪਿੰਦਰ ਸਿੰਘ, ਖੇਤੀ ਵਿਸਥਾਰ ਅਧਿਕਾਰੀ ਰਵਿੰਦਰ ਸਿੰਘ ਚੱਠਾ, ਜਸਵਿੰਦਰ ਗਾਂਧੀ, ਜੈ ਸ਼ੰਕਰ, ਸਰਪੰਚ ਸੰਜੀਵ ਰਾਏ ਅਤੇ ਸੁਰੇਸ਼ ਰਾਏ ਮੌਜੂਦ ਸਨ।

Read More : ਚਮੋਲੀ ’ਚ ਫਟਿਆ ਬੱਦਲ, 10 ਲੋਕ ਲਾਪਤਾ

Leave a Reply

Your email address will not be published. Required fields are marked *