ਅਜਨਾਲਾ, 24 ਸਤੰਬਰ : ਹੜ੍ਹ ਪੀੜਤਾਂ ਲਈ 20 ਹਜ਼ਾਰ ਕਰੋੜ ਰੁਪਏ, 8 ਹਜ਼ਾਰ ਕਰੋੜ ਰੁਪਏ ਪੇਂਡੂ ਵਿਕਾਸ ਫੰਡ, 50 ਹਜ਼ਾਰ ਕਰੋੜ ਰੁਪਏ ਜੀ. ਐੱਸ. ਟੀ. ਰਾਹਤ ਫੰਡ ਲਈ ਆਵਾਜ਼ ਬੁਲੰਦ ਕਰਨ ਦੀ ਬਜਾਏ ਹੜ੍ਹ ਪੀੜਤਾਂ ਦੀਆਂ ਲਾਸ਼ਾਂ, ਤਬਾਹ ਹੋਈਆਂ ਫਸਲਾਂ, ਬਰਬਾਦ ਹੋਏ ਘਰਾਂ ਤੇ ਰੁੜ੍ਹ ਗਏ ਪਸ਼ੂਆਂ ਦੇ ਹੋਏ ਭਾਰੀ ਨੁਕਸਾਨ ’ਤੇ ਸਿਆਸੀ ਰੋਟੀਆਂ ਸੇਕਣ ਵਾਲੀਆਂ ਵਿਰੋਧੀ ਧਿਰਾਂ ਦਾ ਹੜ੍ਹ ਪੀੜਤ ਵਿਰੋਧੀ ਚਿਹਰਾ ਜਲਦ ਬੇਨਕਾਬ ਹੋਵੇਗਾ।
ਇਹ ਪ੍ਰਗਟਾਵਾ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਹੜ੍ਹ ਪ੍ਰਭਾਵਿਤ ਇਤਿਹਾਸਕ ਗੁਰਦੁਆਰਾ ਬ੍ਰਹਮ ਗਿਆਨੀ ਸਮਾਧ ਬਾਬਾ ਬੁੱਢਾ ਸਾਹਿਬ ਮਾਰਗ ਦੀ ਸਫਾਈ ਦਾ ਕਾਰਜ ਮੁਕੰਮਲ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ।
ਰਮਦਾਸ ਕਸਬੇ ਦੀ ਵਾਰਡ ਨੰਬਰ- 4 ’ਚ ਹੜ੍ਹ ਪ੍ਰਭਾਵਿਤ ਝੁੱਗੀਆਂ, ਝੌਂਪੜੀਆਂ ਦੇ ਵਾਸੀਆਂ ਸਮੇਤ ਲੋੜਵੰਦਾਂ ’ਚ ਯੋਗ ਅਤੇ ਸੇਵਾ ਪਰਿਵਾਰ ਦੇ ਸਹਿਯੋਗ ਨਾਲ 30 -30 ਫੋਲਡਿੰਗ ਬੈੱਡ, ਕੰਬਲ, ਲੋਈਆਂ ਅਤੇ ਟਾਰਚਾਂ (ਬੈਟਰੀਆਂ) ਵੰਡੀਆਂ ਗਈਆਂ।
ਧਾਲੀਵਾਲ ਨੇ ਅੱਗੇ ਲਹਿਰ ਕਿ ਹਾੜ੍ਹੀ ਦੀ ਫਸਲ ਦੀ ਬਿਜਾਈ ਨੂੰ ਕਿਸਾਨਾਂ ਸਮੇਤ ਪੰਜਾਬ ਸਰਕਾਰ ਇਕ ਚੁਣੌਤੀ ਵਜੋਂ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਉਜਪਾਊ ਮਿੱਟੀ ਖੁਰ ਕੇ ਦਰਿਆਵਾਂ ’ਚ ਵਹਿ ਜਾਣ ਅਤੇ ਗਾਰ, ਕਚਰਾ, ਰੇਤ ਨਾਲ ਲੱਦੇ ਖੇਤਾਂ ਦੀ ਸਾਫ-ਸਫਾਈ ਕਰ ਕੇ ਬਿਜਾਈ ਯੋਗ ਤਿਆਰ ਹੋਣ ਵਾਲੇ ਖੇਤਾਂ ’ਚ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਵਾਣਿਤ ਕਣਕ ਦੇ ਬੀਜ ਨੂੰ ਸਰਕਾਰੀ ਤੌਰ ਤੇ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਹੱਈਆ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬਹੁਤ ਜਲਦੀ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ।
ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਅਮਨਦੀਪ ਕੌਰ ਧਾਲੀਵਾਲ, ਪੀ. ਏ. ਮੁਖਤਾਰ ਸਿੰਘ ਬਲੜਵਾਲ, ਚੇਅਰਮੈਨ ਬੱਬੂ ਚੇਤਨਪੁਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਰਮਦਾਸ, ਕਾਬਲ ਸਿੰਘ ਪੱਛੀਆ, ਲੋਕ ਅਤੇ ਸੇਵਾ ਪਰਵਾਰ ਸੰਸਥਾ ਦੇ ਪੈਟਰਨ ਵਿਨੋਦ ਡਾਵਰ ਆਦਿ ਮੌਜੂਦ ਸਨ।
Read More : 23 ਮਹੀਨੇ ਜੇਲ ਵਿਚ ਬਿਤਾਉਣ ਤੋਂ ਬਾਅਦ ਆਜ਼ਮ ਖ਼ਾਨ ਨੂੰ ਮਿਲੀ ਜ਼ਮਾਨਤ