ਨਸ਼ਾ ਨਾ ਮਿਲਣ ਕਾਰਨ ਪਤਨੀ ਨਾਲ ਕਰ ਰਿਹਾ ਸੀ ਝਗੜਾ
ਟਾਂਡਾ ਉੜਮੁੜ, 24 ਜੂਨ :- ਜ਼ਿਲਾ ਹੁਸਿਆਰਪੁਰ ਦੇ ਪਿੰਡ ਕਮਾਲਪੁਰ ਵਿਚ ਇਕ 38 ਸਾਲਾ ਨੌਜਵਾਨ ਨੇ ਪਿਸਤੌਲ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲਾਭ ਸਿੰਘ ਉਰਫ ਹੀਰਾ ਪੁੱਤਰ ਸਰਬਜੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਮਿਆਣੀ ਵਿਚ ਜਿਮ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਸੀ।
ਦੋ ਬੱਚਿਆਂ ਦੇ ਪਿਤਾ ਹੀਰਾ ਦੀ ਪਤਨੀ ਕੁਲਵਿੰਦਰ ਕੌਰ ਅਤੇ ਮਾਂ ਸੁਰਜੀਤ ਕੌਰ ਨੇ ਦੱਸਿਆ ਕਿ ਹੀਰਾ ਨਸ਼ੇ ਦਾ ਆਦੀ ਸੀ ਅਤੇ ਉਸਨੂੰ ਨਸ਼ਾ ਛੁਡਾਊ ਕੇਂਦਰ ਵਿਚ ਵੀ ਦਾਖਲ ਕਰਵਾਇਆ ਗਿਆ ਸੀ ਪਰ ਉਹ ਸੁਧਰਿਆ ਨਹੀਂ, ਅੱਜ ਵੀ ਉਹ ਨਸ਼ਾ ਨਾ ਮਿਲਣ ਕਾਰਨ ਆਪਣੀ ਪਤਨੀ ਨਾਲ ਝਗੜਾ ਕਰ ਰਿਹਾ ਸੀ।
ਇਸ ਦੌਰਾਨ ਗੁੱਸੇ ਵਿਚ ਆ ਕੇ ਉਸਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਗੋਲੀ ਲੱਗਣ ਤੋਂ ਬਾਅਦ ਉਸਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਮੌਕੇ ’ਤੇ ਪਹੁੰਚੇ ਟਾਂਡਾ ਥਾਣਾ ਦੇ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਪਾਇਆ ਗਿਆ ਹੈ ਕਿ ਜਿਸ ਪਿਸਤੌਲ ਨਾਲ ਹੀਰਾ ਨੇ ਆਪਣੇ ਆਪ ਨੂੰ ਗੋਲੀ ਮਾਰੀ ਸੀ, ਉਹ ਗੈਰ-ਕਾਨੂੰਨੀ ਸੀ।
Read More : ਐੱਸ. ਸੀ. ਈ. ਆਰ. ਟੀ. ਨੇ ਅਧਿਆਪਕਾਂ ਦੇ ਮੰਗੇ ਵੇਰਵੇ