ਪੀੜਤ ਨੌਜਵਾਨ ਵਲੋਂ ਲਵ ਮੈਰਿਜ ਕਰਨ ਵਾਲੇ ਮੁੰਡੇ-ਕੁੜੀ ਦਾ ਦਿੱਤਾ ਸੀ ਸਾਥ, 13 ਮੁਲਜ਼ਮਾਂ ਖਿਲਾਫ ਮਾਮਲਾ ਦਰਜ, 1 ਗ੍ਰਿਫਤਾਰ
ਲੁਧਿਆਣਾ, 6 ਜੁਲਾਈ :– ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਥਾਣਾ ਮੇਹਰਬਾਨ ਦੇ ਪਿੰਡ ਸੀਡਾਂ ’ਚ ਬੀਤੇ ਦਿਨ ਇਕ ਨੌਜਵਾਨ ਦਾ ਪਿੰਡ ਦੇ ਕਈ ਨੌਜਵਾਨਾਂ ਵਲੋਂ ਮੂੰਹ ਕਾਲਾ ਕਰ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਨੰਗਾ ਕਰ ਕੇ ਉਸ ਦੇ ਵਾਲ ਕੱਟੇ ਗਏ ਅਤੇ ਉਸ ਨੂੰ ਜਾਤੀਸੂਚਕ ਅਪਸ਼ਬਦ ਕਹੇ ਗਏ, ਜਿਸ ਤੋਂ ਬਾਅਦ ਉਸ ਨੂੰ ਪਿੰਡ ਦੀ ਗਲੀ-ਗਲੀ ’ਚ ਘੁੰਮਾਇਆ ਗਿਆ। ਇਸ ਤੋਂ ਬਾਅਦ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਜਦ ਉਕਤ ਵੀਡੀਓ ਸਬੰਧੀ ਥਾਣਾ ਮੇਹਰਬਾਨ ਦੀ ਪੁਲਸ ਨੂੰ ਸ਼ਿਕਾਇਤ ਮਿਲੀ ਤਾਂ ਪੁਲਸ ਨੇ ਉਕਤ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ 13 ਮੁਲਜ਼ਮਾਂ ਖਿਲਾਫ ਕੁੱਟਮਾਰ ਕਰ ਕੇ ਵੀਡੀਓ ਵਾਇਰਲ ਕਰਨ ਅਤੇ ਜਾਤੀਸੂਚਕ ਸ਼ਬਦ ਕਹਿਣ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਥਾਣਾ ਇੰਚਾਰਜ ਇੰਸ. ਪਰਮਦੀਪ ਸਿੰਘ ਨੇ ਦੱਸਿਆ ਕਿ ਪਿੰਡ ਸੀਡਾਂ ਦੇ ਰਹਿਣ ਵਾਲੇ ਨੌਜਵਾਨ ਹਰਜੋਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਇਕ ਮੁੰਡਾ-ਕੁੜੀ ਵਲੋਂ ਘਰੋਂ ਭੱਜ ਕੇ ਲਵ ਮੈਰਿਜ ਕਰਵਾਈ ਸੀ। ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਵਲੋਂ ਉਸ ਉੱਪਰ ਸ਼ੱਕ ਕੀਤਾ ਜਾ ਰਿਹਾ ਸੀ ਕਿ ਲਵ ਮੈਰਿਜ ਕਰਨ ਵਾਲੇ ਮੁੰਡੇ-ਕੁੜੀ ਦਾ ਉਸ ਨੇ ਸਾਥ ਦਿੱਤਾ ਸੀ।
ਉਹ 1 ਜੁਲਾਈ ਨੂੰ ਆਪਣੇ ਪਿੰਡ ਦੇ ਇਕ ਨਾਈ ਦੀ ਦੁਕਾਨ ’ਚ ਆਪਣੇ ਵਾਲ ਕੱਟਵਾਉਣ ਲਈ ਬੈਠਾ ਹੋਇਆ ਸੀ। ਇਸੇ ਦੌਰਾਨ ਇਸੇ ਰੰਜਿਸ਼ ਤਹਿਤ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਸੰਦੀਪ ਸਿੰਘ, ਰਾਜਵੀਰ ਸਿੰਘ, ਰਮਨਦੀਪ ਸਿੰਘ ਦੁਕਾਨ ਅੰਦਰ ਆਏ ਅਤੇ ਉਸ ਨੂੰ ਜ਼ਬਰਦਸਤੀ ਦੁਕਾਨ ਅੰਦਰੋਂ ਚੁੱਕ ਕੇ ਪਿੰਡ ’ਚ ਸਿਮਰਨਜੀਤ ਕੌਰ ਦੇ ਘਰ ਲੈ ਗਏ, ਜਿਥੇ ਉਕਤ ਮੁਲਜ਼ਮ ਦੇ ਕਈ ਹੋਰ ਸਾਥੀਆਂ ਵਲੋਂ ਉਸ ਦੇ ਨਾਲ ਪਹਿਲਾਂ ਕੁੱਟਮਾਰ ਕੀਤੀ ਗਈ ਅਤੇ ਬਾਅਦ ’ਚ ਉਸ ਨੂੰ ਨੰਗਾ ਕਰ ਕੇ ਉਸ ਦੇ ਮੂੰਹ ਨੂੰ ਕਾਲਾ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਮੁਲਜ਼ਮਾਂ ਵਲੋਂ ਉਸ ਦੇ ਸਿਰ ਅਤੇ ਮੁੱਛਾਂ ਦੇ ਵਾਲਾਂ ਨੂੰ ਮਸ਼ੀਨ ਨਾਲ ਕੱਟ ਦਿੱਤਾ ਗਿਆ। ਫਿਰ ਉਸ ਨੂੰ ਨੰਗਾ ਕਰ ਕੇ ਪਿੰਡ ਦੀ ਗਲੀ-ਗਲੀ ’ਚ ਘੰਮਾਇਆ ਗਿਆ ਅਤੇ ਉਸ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਕੁੱਟਮਾਰ ਵੀ ਕਰਦੇ ਰਹੇ।
ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪਾ, ਸਿਮਰਨਜੀਤ ਸਿੰਘ, ਸੰਦੀਪ ਸਿੰਘ, ਰਾਜਵੀਰ ਸਿੰਘ, ਰਮਨਦੀਪ ਸਿੰਘ, ਹਰਮਨ ਸਿੰਘ, ਜੱਗੀ, ਲੱਖੀ, ਦੀਪ, ਨਾਣਾ, ਉਮੀ, ਕਾਲਾ, ਭੁਪਿੰਦਰ ਸਿੰਘ ਫੌਜੀ ਅਤੇ ਜੱਗੀ ਖਿਲਾਫ ਥਾਣਾ ਮੇਹਰਬਾਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਕ ਮੁਲਜ਼ਮ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਵਲੋਂ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਉਕਤ ਇਲਾਕੇ ’ਚ ਕਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
Read More : ਪੰਜਾਬ ਨੂੰ ਹਰ ਖੇਤਰ ’ਚ ਬਣਾਵਾਂਗੇ ਨੰਬਰ ਵਨ ਸੂਬਾ : ਭਗਵੰਤ ਮਾਨ