ਵੀਡੀਓ ਵਾਇਰਲ, ਪੁਲਸ ਨੂੰ ਜਾਣਕਾਰੀ ਦੇਣੀ ਪਈ ਮਹਿੰਗੀ
ਫਿਰੋਜ਼ਪੁਰ, 25 ਜੂਨ :– ਇਕ ਨੌਜਵਾਨ ਨੂੰ ਕੱਪੜੇ ਉਤਰਵਾ ਕੇ ਜੁੱਤੀਆਂ ਤੇ ਬੈਲਟਾਂ ਨਾਲ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਕਈ ਨੌਜਵਾਨ ਇਕ ਨੌਜਵਾਨ ਨੂੰ ਨੰਗਾ ਕਰ ਕੇ ਉਸ ਨੂੰ ਜੁੱਤੀਆਂ ਤੇ ਬੈਲਟਾਂ ਨਾਲ ਕੁੱਟ ਰਹੇ ਹਨ।
ਹੁਣ ਇਹ ਪੀੜਤ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ, ਜਿਸ ਨੇ ਦੱਸਿਆ ਹੈ ਕਿ ਉਸ ਦਾ ਨਾਮ ਵਿਸ਼ਾਲ ਹੈ ਅਤੇ ਉਹ ਪੇਂਟਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਫਿਰੋਜ਼ਪੁਰ ਛਾਉਣੀ ਦੇ ਨਾਲ ਲੱਗਦੇ ਪਿੰਡ ਨਵਾਂ ਪੁਰਬਾ ’ਚ ਕੁਝ ਮੁੰਡੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ, ਜਿਸ ਬਾਰੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਸੀ। ਉਸ ਨੇ ਦੱਸਿਆ ਕਿ ਜਦੋਂ ਇਨ੍ਹਾਂ ਮੁੰਡਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਬਾਰੇ ਜਾਣਕਾਰੀ ਮੈਂ ਪੁਲਸ ਨੂੰ ਦਿੱਤੀ ਹੈ, ਤਾਂ ਉਨ੍ਹਾਂ ਨੇ ਉਸ ਨੂੰ ਲੱਗਭਗ 15-16 ਮੁੰਡਿਆਂ ਨਾਲ ਅਗਵਾ ਕਰ ਲਿਆ ਅਤੇ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਨੰਗਾ ਕਰਨ ਤੋਂ ਬਾਅਦ ਜੁੱਤੀਆਂ ਅਤੇ ਬੈਲਟਾਂ ਨਾਲ ਕੁੱਟਿਆ।
ਵਿਸ਼ਾਲ ਨੇ ਦੱਸਿਆ ਕਿ ਕੁੱਟ-ਮਾਰ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾਈ, ਜੋ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਪੀੜਤ ਵਿਸ਼ਾਲ ਨੇ ਦੱਸਿਆ ਕਿ ਉਸ ਵੱਲੋਂ ਜਾਣਕਾਰੀ ਦੇਣ ਤੋਂ ਬਾਅਦ ਇਕ ਮੁੰਡੇ ਨੂੰ ਪੁਲਸ ਨੇ ਫੜ ਲਿਆ ਪਰ ਉਸ ਵੱਲੋਂ ਦਿੱਤੀ ਗੁਪਤ ਜਾਣਕਾਰੀ ਕਿਵੇਂ ਲੀਕ ਹੋ ਗਈ? ਇਹ ਰਹੱਸ ਦਾ ਵਿਸ਼ਾ ਬਣਿਆ ਹੋਇਆ ਹੈ।
ਵਿਸ਼ਾਲ ਨੇ ਆਪਣੇ ਸਰੀਰ ’ਤੇ ਬੈਲਟਾਂ ਦੇ ਨਿਸ਼ਾਨ ਵੀ ਦਿਖਾਏ ਅਤੇ ਦੱਸਿਆ ਕਿ ਉਸ ਨੇ ਇਸ ਘਟਨਾ ਸਬੰਧੀ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਹੈ ਪਰ ਹੁਣ ਤੱਕ ਪੁਲਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ।
ਉਸ ਨੇ ਦੱਸਿਆ ਕਿ ਉਸ ਨੂੰ ਕੁੱਟਦੇ ਹੋਏ ਉਨ੍ਹਾਂ ਲੋਕਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਭਵਿੱਖ ’ਚ ਪੁਲਸ ਨੂੰ ਅਜਿਹੀ ਕੋਈ ਜਾਣਕਾਰੀ ਦਿੱਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੀੜਤ ਨੌਜਵਾਨ ਵਿਸ਼ਾਲ ਨੇ ਇਨਸਾਫ ਲਈ ਐੱਸ. ਐੱਸ. ਪੀ. ਫਿਰੋਜ਼ਪੁਰ ਨੂੰ ਅਪੀਲ ਕੀਤੀ ਕਿ ਜੇਕਰ ਪੁਲਸ ਨੂੰ ਜਾਣਕਾਰੀ ਦੇਣ ’ਤੇ ਨਸ਼ਾ ਸਮੱਗਲਰਾਂ ਵੱਲੋਂ ਅਜਿਹੀਆਂ ਧਮਕੀਆਂ ਅਤੇ ਕੁੱਟ-ਮਾਰ ਮਿਲਦੀ ਰਹੀ ਤਾਂ ਭਵਿੱਖ ’ਚ ਕੋਈ ਵੀ ਪੁਲਸ ਨੂੰ ਜਾਣਕਾਰੀ ਦੇਣ ਦੀ ਹਿੰਮਤ ਨਹੀਂ ਕਰੇਗਾ। ਵਿਸ਼ਾਲ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ।
ਇਸ ਘਟਨਾ ਦੀ ਜਾਂਚ ਅਤੇ ਕਾਰਵਾਈ ਕੀਤੀ ਜਾ ਰਹੀ : ਡੀ. ਐੱਸ. ਪੀ.
ਇਸ ਸਬੰਧੀ ਡੀ. ਐੱਸ. ਪੀ. ਕਰਨ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਸਬੰਧ ’ਚ ਪੁਲਸ ਵੱਲੋਂ ਕੁੱਟ-ਮਾਰ ਕਰਨ ਵਾਲੇ ਨੌਜਵਾਨਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਵਿਸ਼ਾਲ ਦਾ ਬਿਆਨ ਦਰਜ ਕੀਤਾ ਗਿਆ ਹੈ ਅਤੇ ਥਾਣਾ ਕੁਲਗੜ੍ਹੀ ਦੀ ਪੁਲਸ ਇਸ ਘਟਨਾ ਦੀ ਜਾਂਚ ਅਤੇ ਕਾਰਵਾਈ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਤੱਤ ਨੂੰ ਬਖਸ਼ਿਆ ਨਹੀਂ ਜਾਵੇਗਾ।
Read More : ਮੋਟਰ ਤੋਂ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ
