Government's 'Women Entrepreneurs' Honor

‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਨੂੰ ਮਿਲਿਆ ਭਰਵਾਂ ਹੁੰਗਾਰਾ, 28 ਹਜ਼ਾਰ ਤੋਂ ਵੱਧ ਔਰਤਾਂ ਨੇ ਕਰਵਾਈ ਨਾਮਜ਼ਦਗੀ

ਮੁੱਖ ਮੰਤਰੀ ਭਗਵੰਤ ਮਾਨ 18 ਮਾਰਚ ਨੂੰ ਸੂਬੇ ਦੀਆਂ ਚੋਟੀ ਦੀਆਂ ਮਹਿਲਾ ਉੱਦਮੀਆਂ ਨੂੰ ਨਕਦ ਪੁਰਸਕਾਰਾਂ ਨਾਲ ਕਰਨਗੇ ਸਨਮਾਨਿਤ

ਚੰਡੀਗੜ੍ਹ, 6 ਮਾਰਚ : ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ‘ਮਹਿਲਾ ਉੱਦਮੀ ਸਨਮਾਨ ਪ੍ਰੋਗਰਾਮ’ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਉੱਦਮਤਾ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਔਰਤਾਂ ਨੂੰ ਮਾਨਤਾ ਦੇਣਾ ਹੈ। ‘ਆਪ’ ਸਰਕਾਰ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਦਾ ਪਹਿਲਾ ਪੜਾਅ 2 ਮਾਰਚ ਤੋਂ 6 ਮਾਰਚ ਤੱਕ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਨੇਪਰੇ ਚੜ੍ਹਿਆ ਹੈ।

ਇਸ ਮੁਹਿੰਮ ਦੌਰਾਨ ‘ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ’ ਪੋਰਟਲ ਰਾਹੀਂ ਕੁੱਲ 28,000 ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਹੁਣ ਤੱਕ ਹਲਕਾ ਪੱਧਰ ‘ਤੇ ਹੋਏ ਸਮਾਗਮਾਂ ਵਿੱਚ ਲਗਭਗ 11,700 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਅਗਲੇ ਪੜਾਅ ਵਿੱਚ 23 ਜ਼ਿਲ੍ਹਿਆਂ ਵਿੱਚੋਂ 2,300 ਔਰਤਾਂ ਦੀ ਚੋਣ ਕੀਤੀ ਜਾਵੇਗੀ, ਜਿੱਥੇ ਹਰੇਕ ਜ਼ਿਲ੍ਹੇ ਵਿੱਚੋਂ 100 ਮਹਿਲਾਵਾਂ ਨੂੰ ਜ਼ਿਲ੍ਹਾ ਪੱਧਰੀ ਸਨਮਾਨ ਦਿੱਤਾ ਜਾਵੇਗਾ।

ਪ੍ਰੋਗਰਾਮ ਦਾ ਅੰਤਿਮ ਰਾਜ ਪੱਧਰੀ ਸਮਾਗਮ 18 ਮਾਰਚ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਪੰਜਾਬ ਭਰ ਦੀਆਂ ਚੋਟੀ ਦੀਆਂ 100 ਮਹਿਲਾ ਉੱਦਮੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 25,000 ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਵੇਗਾ।

ਸਰਕਾਰ ਦਾ ਕਹਿਣਾ ਹੈ ਕਿ ਉਹ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਿਰਫ਼ ਇੱਕ ਦਿਨ ਦੇ ਸਮਾਗਮ ਦੀ ਬਜਾਏ ਮਹੀਨਾ ਭਰ ਚੱਲਣ ਵਾਲੇ ਜਸ਼ਨ ਵਜੋਂ ਮਨਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਔਰਤਾਂ ਨੂੰ ਸਵੈ-ਰੁਜ਼ਗਾਰ ਲਈ ਪ੍ਰੇਰਿਤ ਕੀਤਾ ਜਾ ਸਕੇ।

Read More : ਪੱਛਮੀ ਬੰਗਾਲ ‘ਚ ਵੋਟਰ ਸੂਚੀਆਂ ਵਿਚੋਂ ਨਾਂ ਹਟਾਏ ਜਾਣ ਵਿਰੁੱਧ ਮਮਤਾ ਬੈਨਰਜੀ ਦਾ ਧਰਨਾ ਸ਼ੁਰੂ

Leave a Reply

Your email address will not be published. Required fields are marked *