ਖਤਰੇ ਦੇ ਨਿਸ਼ਾਨ ਤੋਂ ਕੇਵਲ 8.9 ਫੁੱਟ ਦੂਰ
ਨੰਗਲ, 26 ਅਗਸਤ : ਹਿਮਾਚਲ ਦੇ ਉੱਪਰਲੇ ਖੇਤਰਾਂ ’ਚ ਹੋ ਰਹੀ ਭਾਰੀ ਵਰਖਾ ਕਾਰਨ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ। ਭਾਖੜਾ ਬੰਨ੍ਹ ਦਾ ਜਲ ਪੱਧਰ ਮੰਗਲਵਾਰ ਸ਼ਾਮ 6 ਵਜੇ ਤੱਕ 1671.10 ਫੁੱਟ ਤੱਕ ਪਹੁੰਚ ਚੁੱਕਾ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਕਰੀਬ 34 ਫੁੱਟ ਵੱਧ ਹੈ। ਬੀ.ਬੀ.ਐੱਮ.ਬੀ. ਦੁਆਰਾ ਲਗਾਤਾਰ ਕਰੀਬ ਹਫਤੇ ਤੋਂ ਭਾਖੜਾ ਬੰਨ੍ਹ ਦੇ ਫਲੱਡ ਗੇਟ ਖੁੱਲ੍ਹੇ ਰੱਖੇ ਗਏ ਹਨ ਤਾਂ ਕਿ ਵਾਧੂ ਪਾਣੀ ਨੂੰ ਛੱਡਿਆ ਜਾ ਸਕੇ।
ਮੰਗਲਵਾਰ ਸ਼ਾਮ 6 ਵਜੇ ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ 65370 ਕਿਊਸਿਕ ਦਰਜ ਕੀਤੀ ਗਈ ਤੇ ਭਾਖੜਾ ਬੰਨ੍ਹ ਤੋ ਟਰਬਾਇਨਾਂ ਅਤੇ ਫਲੱਡ ਗੇਟਾਂ ਰਾਂਹੀ ਨੰਗਲ ਡੈਮ ਝੀਲ ਲਈ ਕਰੀਬ 43594 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਬੰਨ੍ਹ ਦਾ ਜਲ ਪੱਧਰ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਹੁਣ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਮਹਿਜ 8.9 ਫੁੱਟ ਦੂਰ ਹੈ।
ਅੱਜ ਨੰਗਲ ਹਾਈਡਲ ਨਹਿਰ ’ਚ 12350 ਕਿਊਸਿਕ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ’ਚ 10150 ਕਿਊਸਿਕ ਪਾਣੀ ਛੱਡਣ ਦੇ ਇਲਾਵਾ ਨੰਗਲ ਡੈਮ ਤੋਂ ਸਤਲੁਜ ਦਰਿਆ ਲਈ 21150 ਕਿਊਸਕ ਪਾਣੀ ਛੱਡਿਆ ਗਿਆ। ਕਈ ਦਿਨਾਂ ਤੋਂ ਹੋ ਰਹੀ ਭਾਰੀ ਵਰਖਾ ਕਾਰਨ ਸਵਾਂ ਨਦੀ ਵੀ ਜੋਬਨ ’ਤੇ ਹੈ ਅਤੇ ਇਸਦੇ ਨਾਲ ਹੋਰ ਖੱਡਾਂ ਵੀ ਪਾਣੀ ਨਾਲ ਭਰੀਆਂ ਆ ਰਹੀਆਂ ਹਨ। ਪਿਛਲੇ ਚੌਵੀ ਘੰਟਿਆ ’ਚ ਬਾਖੜਾ ਬੰਨ੍ਹ ਦੇ ਜਲ ਪੱਧਰ ’ਚ ਕਰੀਬ 1.5 ਫੁੱਟ ਵਾਧਾ ਦਰਜ ਹੋਇਆ। ਜੇਕਰ ਅਗਲੇ ਦੋ ਤਿੰਨ ਦਿਨਾਂ ’ਚ ਪਾਣੀ ਆਮਦ ਇਸੇ ਤਰ੍ਹਾਂ ਜਾਰੀ ਰਹੀ ਤਾਂ ਜਲਦ ਹੀ ਭਾਖੜਾ ਬੰਨ੍ਹ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ 1680 ਫੁੱਟ ਤੱਕ ਪਹੁੰਚ ਸਕਦਾ ਹੈ। ਭਾਖੜਾ ਬੰਨ੍ਹ ’ਚ ਪਾਣੀ ਵਧ ਰਹੀ ਆਮਦ ਅਤੇ ਸਵਾਂ ਨਦੀ ’ਚ ਪਾਣੀ ਆਮਦ ਨਾਲ ਸਤਲੁਜ ਦਰਿਆ ਦੇ ਨਾਲ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਹੁਣ ਹੜ੍ਹ ਦਾ ਖਤਰਾ ਸਤਾਉਣ ਲੱਗਾ ਹੈ।
ਜ਼ਿਕਰਯੋਗ ਹੈ ਕਿ ਗੋਬਿੰਦ ਸਾਗਰ ਝੀਲ ’ਚ 1680 ਫੁੱਟ ਤੱਕ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ। 65 ਵਰਗ ਮੀਲ ਖੇਤਰ ’ਚ ਫੈਲੀ ਗੋਬਿੰਦ ਸਾਗਰ ਝੀਲ ’ਚ 7.8 ਮਿਲੀਅਨ ਏਕੜ ਫੁੱਟ ਪਾਣੀ ਇਕੱਠਾ ਕਰਨ ਦੀ ਸਮਰੱਥਾ ਹੈ। ਜ਼ਿਕਰਯੋਗ ਹੈ ਕਿ 20 ਸਤੰਬਰ ਤੱਕ ਝੀਲ ’ਚ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ। ਇਸ ਬਰਸਾਤ ਦੇ ਦਿਨਾਂ ’ਚ ਝੀਲ ’ਚ ਸਗ੍ਰਹਿਤ ਪਾਣੀ ਦਾ ਉਪਯੋਗ ਅਗਲ ੇ ਸਾਲ ਤੱਕ ਬਿਜਲੀ ਉਤਪਾਦਨ ਅਤੇ ਸਿੰਚਾਈ ਲਈ ਕੀਤਾ ਜਾਂਦਾ ਹੈ। ਲਗਾਤਾਰ ਹੋ ਰਹੀ ਵਰਖਾ ਤੇ ਵਧ ਰਹੇ ਖਤਰੇ ਨੂੰ ਦੇਖਦੇ ਹੋਏ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਪੂਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ।
Read More : ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਲੁੱਟ ਦੀ ਕੋਸ਼ਿਸ਼
