ਕਿਹਾ- ਪੰਥਕ ਧਿਰਾਂ ਦਾ ਇਕ ਸਾਂਝਾ ਡੈਲੀਗੇਸ਼ਨ ਕਰੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
ਪਟਿਆਲਾ, 16 ਜੂਨ :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਜਲਦੀ ਤੋਂ ਜਲਦੀ ਐਲਾਨ ਕਰਨ।
ਪ੍ਰੋ. ਚੰਦੂਮਾਜਰਾ ਨੇ ਇਹ ਵੀ ਐਲਾਨ ਕੀਤਾ ਕਿ ਇਸ ਮਾਮਲੇ ’ਚ ਜਲਦੀ ਹੀ ਪੰਥਕ ਧਿਰਾਂ ਦਾ ਇਕ ਸਾਂਝਾ ਡੈਲੀਗੇਸ਼ਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇਗਾ ਅਤੇ ਸਿੱਖ ਲੀਡਰਸ਼ਿਪ ਕੇਵਲ ਤੇ ਕੇਵਲ ਐੱਸ. ਜੀ. ਪੀ. ਸੀ. ਦੀਆਂ ਜਨਰਲ ਚੋਣਾਂ ਦੀ ਅਪੀਲ ਕਰੇਗਾ।
ਉਨ੍ਹਾਂ ਕਿਹਾ ਕਿ ਅੱਜ ਪੰਥ ਪੂਰੀ ਤਰ੍ਹਾਂ ਦੁਵਿਧਾ ਵਿਚ ਹੈ। ਜਥੇਦਾਰ ਸਾਹਿਬਾਨਾਂ ਨਾਲ ਕੀਤੇ ਗਏ ਵਿਵਹਾਰ ਨੂੰ ਲੈ ਕੇ ਸਿੱਖ ਜਗਤ ਵਿਚ ਕਾਫੀ ਰੋਸ ਪੈਦਾ ਹੋਇਆ ਹੈ। ਸਿੱਖ ਪੰਥ ਅੱਜ ਆਪਣੇ ਆਪ ਨੂੰ ਖਿਲਰਿਆ ਹੋਇਆ ਮਹਿਸੂਸ ਕਰ ਰਿਹਾ ਹੈ। ਸਿੱਖ ਸ਼ਕਤੀ ਨੂੰ ਇਕ ਮੰਚ ’ਤੇ ਲਿਆਉਣਾ ਸਮੇਂ ਦੀ ਸਭ ਤੋਂ ਵੱਡ ਜ਼ਰੂਰਤ ਬਣ ਗਈ ਹੈ, ਜਿਸ ਲਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਥਾਪੀ ਗਈ 5 ਮੈਂਬਰੀ ਕਮੇਟੀ ਕਾਫੀ ਵੱਡੇ ਪੱਧਰ ’ਤੇ ਯਤਨ ਕਰ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ ਭਰਤੀ ਕਮੇਟੀ ਵੱਲੋਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਜਲਦੀ ਹੀ ਪੰਥ ਪਰਵਾਨਤ ਲੀਡਰਸ਼ਿਪ ਸਿੱਖ ਕੌਮ ਨੂੰ ਦਿੱਤੀ ਜਾਵੇਗੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੁਣ ਤੱਕ ਸਿਆਸੀ ਧਿਰਾਂ ਤਾਂ ਲੜਦੀਆਂ ਦੇਖੀਆਂ ਗਈਆਂ ਸਨ ਪਰ ਹੁਣ ਜਿਸ ਤਰ੍ਹਾਂ ਤਖਤਾਂ ਦੇ ਜਥੇਦਾਰ ਸਾਹਿਬਾਨਾਂ ’ਚ ਟਕਰਾਅ ਪੈਦਾ ਹੋ ਗਿਆ ਹੈ, ਇਸ ਟਕਰਾਅ ਨੂੰ ਦੂਰ ਕਰਨ ਲਈ ਜਲਦੀ ਹੀ ਪੰਥ ਪਰਵਾਨਿਤ ਲੀਡਰਸ਼ਿਪ ਅਤੇ ਨਵੀਆਂ ਜਨਰਲ ਚੋਣਾਂ ਰਾਹੀਂ ਐੱਸ. ਜੀ. ਪੀ. ਸੀ. ਦੀ ਸਮੁੱਚੀ ਟੀਮ ਚੁਣ ਕੇ ਹੀ ਇਨ੍ਹਾਂ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਪੰਥਕ ਜਮਾਤ ਹੈ ਪਰ ਹੁਣ ਇਸ ’ਤੇ ਕੁਝ ਪਰਿਵਾਰਾਂ ਵੱਲੋਂ ਕਬਜ਼ਾ ਕਰ ਕੇ ਉਸ ਦੇ ਅਸਲੀ ਮਨੋਰਥ ਤੋਂ ਭਟਕਾ ਦਿੱਤਾ ਗਿਆ ਹੈ। ਇਸ ਲਈ ਜ਼ਰੂਰੀ ਹੈ ਕਿ ਪੰਥ ਨੂੰ ਪੰਥ ਪ੍ਰਵਾਨਿਤ ਲੀਡਰਸ਼ਿਪ ਦਿੱਤੀ ਜਾਵੇ, ਜਿਹੜੀ ਕਿ ਨਾ ਕੇਵਲ ਪੰਥਕ ਮਸਲਿਆਂ ਦਾ, ਸਗੋਂ ਪੰਜਾਬ ਦੇ ਮਸਲਿਆਂ ਦੀ ਵੀ ਹਿੱਕ ਡਾਹ ਕੇ ਸੁਰੱਖਿਆ ਕਰ ਸਕੇ।
ਸੁਖਬੀਰ ਬਾਦਲ ਨੂੰ 5 ਮੈਂਬਰੀ ਭਰਤੀ ਕਮੇਟੀ ਦੀ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ
ਪ੍ਰੋ. ਚੰਦੂਮਾਜਰਾ ਨੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਟੀਮ ਨੂੰ ਵੀ ਅਪੀਲ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ 5 ਮੈਂਬਰੀ ਭਰਤੀ ਕਮੇਟੀ ਦੀ ਪ੍ਰਕਿਰਿਆ ਦਾ ਹਿੱਸਾ ਬਣਨ। ਇਸ ਕਮੇਟੀ ਰਾਹੀਂ ਜਿਹੜੀ ਭਰਤੀ ਹੋ ਰਹੀ ਹੈ, ਉਸ ਦੀ ਮੈਂਬਰਸ਼ਿਪ ਹਾਸਲ ਕਰ ਕੇ ਪੰਥ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਤਿਆਗ ਦੀ ਭਾਵਨਾ ਦਿਖਾਉਣ ਕਿਉਂਕਿ ਪੰਥਕ ਸ਼ਕਤੀ ਨੂੰ ਇਕਜੁੱਟ ਅਤੇ ਇਕਮੁੱਠ ਕਰਨ ਲਈ ਉਨ੍ਹਾਂ ਨੂੰ ਤਿਆਗ ਦੀ ਭਾਵਨਾ ਦਿਖਾਉਣੀ ਹੀ ਪਵੇਗੀ।
ਇਸ ਮੌਕੇ ਭੁਪਿੰਦਰ ਸਿੰਘ ਸ਼ੇਖੂਪੁਰ ਹਲਕਾ ਇੰਚਾਰਜ ਘਨੌਰ, ਜਗਜੀਤ ਸਿੰਘ ਕੋਹਲੀ ਸਿਆਸੀ ਸਲਾਹਕਾਰ, ਸਤਨਾਮ ਸਿੰਘ ਸੱਤਾ ਜ਼ਿਲਾ ਪ੍ਰਧਾਨ, ਸੁਖਬੀਰ ਸਿੰਘ ਅਬਲੋਵਾਲ ਕੌਂਸਲਰ, ਗੁਰਚਰਨ ਸਿੰਘ ਕੌਲੀ, ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਿੰਕੂ, ਕੈ. ਖੁਸ਼ਵੰਤ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।
Read More : ਮੁੱਖ ਮੰਤਰੀ ਫੀਲਡ ਅਫਸਰ ਵੱਲੋਂ ਫਰਦ ਕੇਂਦਰ ਤੇ ਤਹਿਸੀਲ ਦਫਤਰ ਦੀ ਚੈਕਿੰਗ