ਮੋਹਾਲੀ ਤੇ ਖਰੜ

ਮੋਹਾਲੀ ਤੇ ਖਰੜ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੜਕੰਪ ਮਚਿਆ

ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਅਦਾਲਤਾਂ ਖ਼ਾਲੀ ਕਰਵਾਈਆਂ, ਬੰਬ ਨਿਰੋਧਕ ਦਸਤੇ ਵੱਲੋਂ ਸਰਚ ਆਪਰੇਸ਼ਨ ਜਾਰੀ

ਮੋਹਾਲੀ, 6 ਅਪ੍ਰੈਲ : ਮੋਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਅਤੇ ਖਰੜ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਇਕ ਧਮਕੀ ਭਰੀ ਈਮੇਲ ਮਿਲਣ ਤੋਂ ਤੁਰੰਤ ਬਾਅਦ ਹਰਕਤ ਵਿੱਚ ਆਉਂਦਿਆਂ ਪ੍ਰਸ਼ਾਸਨ ਨੇ ਦੋਵੇਂ ਅਦਾਲਤੀ ਕੰਪਲੈਕਸਾਂ ਨੂੰ ਪੂਰੀ ਤਰ੍ਹਾਂ ਖ਼ਾਲੀ ਕਰਵਾ ਲਿਆ ਹੈ।

ਮੌਕੇ ‘ਤੇ ਪਹੁੰਚੀ ਪੁਲਸ ਅਤੇ ਜਾਂਚ ਟੀਮਾਂ
ਜੁਡੀਸ਼ਅਲ ਅਧਿਕਾਰੀਆਂ ਵੱਲੋਂ ਸੂਚਨਾ ਮਿਲਦੇ ਹੀ ਪੁਲਸ ਦੀਆਂ ਜਾਂਚ ਟੀਮਾਂ ਅਤੇ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਏ ਹਨ। ਪੁਲਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਵਕੀਲਾਂ ਦੇ ਚੈਂਬਰਾਂ ਅਤੇ ਕੋਰਟ ਰੂਮਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।

ਖਰੜ ਕੋਰਟ ਵਿਚ ਵੀ ਮਚੀ ਹਾਹਾਕਾਰ
ਮੋਹਾਲੀ ਦੇ ਨਾਲ-ਨਾਲ ਖਰੜ ਕੋਰਟ ਕੰਪਲੈਕਸ ਵਿੱਚ ਵੀ ਬੰਬ ਦੀ ਅਫਵਾਹ ਫੈਲਣ ਕਾਰਨ ਲੋਕਾਂ ਵਿੱਚ ਭਾਜੜ ਮਚ ਗਈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪੂਰੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।

ਪਹਿਲਾਂ ਵੀ ਮਿਲ ਚੁੱਕੀਆਂ ਹਨ ਅਜਿਹੀਆਂ ਧਮਕੀਆਂ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੋਹਾਲੀ ਅਦਾਲਤ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਜਾਂਚ ਤੋਂ ਬਾਅਦ ਅਫਵਾਹ ਸਾਬਤ ਹੋਈਆਂ ਸਨ। ਪੁਲਸ ਦੀ ਸਾਈਬਰ ਸੈੱਲ ਟੀਮ ਇਸ ਵੇਲੇ ਈਮੇਲ ਦੇ ਆਈ.ਪੀ. ਐਡਰੈੱਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਸ਼ਰਾਰਤ ਕਿਸ ਨੇ ਕੀਤੀ ਹੈ।

ਫਿਲਹਾਲ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਇਲਾਕੇ ਵਿੱਚ ਸਖ਼ਤ ਪਹਿਰਾ ਲਗਾ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।

Read More : ਪੰਜਾਬ ਦੇ ਟਰਾਂਸਪੋਰਟ ਸਿਸਟਮ ਨੂੰ ਮਿਲੇਗੀ ਨਵੀਂ ਰਫ਼ਤਾਰ: ਮੁੱਖ ਮੰਤਰੀ ਦਿਖਾਉਣਗੇ 250 ਬੱਸਾਂ ਨੂੰ ਹਰੀ ਝੰਡੀ

Leave a Reply

Your email address will not be published. Required fields are marked *