ਚੋਰੀ

ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 7.50 ਲੱਖ ਦੀ ਨਕਦੀ ਅਤੇ 5 ਤੋਲੇ ਸੋਨਾ ਕੀਤਾ ਚੋਰੀ

ਗੁਆਂਢੀਆਂ ਦੇ ਘਰਾਂ ਨੂੰ ਬਾਹਰੋਂ ਲਾਈਆਂ ਕੁੰਡੀਆਂ

ਸਮਾਣਾ, 25 ਦਸੰਬਰ : ਸਰਾਂਪੱਤੀ ਚੌਕ ਨੇੜੇ ਬੁੱਧਵਾਰ ਅੱਧੀ ਰਾਤ ਨੂੰ ਹਥਿਆਰਾਂ ਨਾਲ ਲੈਸ ਚੋਰਾਂ ਦੇ ਗਿਰੋਹ ਵੱਲੋਂ ਘਰ ਦਾ ਤਾਲਾ ਤੋੜ ਕੇ 5 ਤੋਲੇ ਸੋਨੇ ਦੇ ਗਹਿਣੇ ਅਤੇ 7.50 ਲੱਖ ਰੁਪਏ ਚੋਰੀ ਕਰ ਲਏ ਹਨ। ਸੂਚਨਾ ਮਿਲਣ ’ਤੇ ਸਿਟੀ ਪੁਲਸ ਦੇ ਅਧਿਕਾਰੀਆਂ ਨੇ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

ਮਾਮਲੇ ਦੇ ਜਾਂਚ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਪੁੱਤਰ ਭਾਗ ਸਿੰਘ (ਨਿਵਾਸੀ ਗਹਿਲ ਕਲੋਨੀ (ਨੇੜੇ ਸਰਾਂਪੱਤੀ ਚੌਕ) ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਬੁੱਧਵਾਰ ਦੁਪਹਿਰ ਬਾਅਦ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਗੁਮਥਲਾ (ਪਿਹੋਵਾ) ਵਿਖੇ ਆਪਣੀ ਬੇਟੀ ਨੂੰ ਮਿਲਣ ਗਏ ਸਨ। ਅਗਲੇ ਦਿਨ ਵੀਰਵਾਰ ਸਵੇਰੇ 6:00 ਵਜੇ ਗੁਆਂਢੀਆਂ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਹੈ।

ਜਦੋਂ ਉਨ੍ਹਾਂ ਨੇ ਵਾਪਸ ਆ ਕੇ ਦੇਖਿਆ ਤਾਂ ਕਮਰਿਆਂ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਨਵਾਂ ਘਰ ਖਰੀਦਣ ਲਈ ਟਰੰਕ ’ਚ ਰੱਖੇ 7.5 ਲੱਖ ਰੁਪਏ ਅਤੇ 5 ਤੋਲੇ ਸੋਨੇ ਦੇ ਗਹਿਣੇ ਗਾਇਬ ਸਨ। ਬਜ਼ੁਰਗ ਜੋੜੇ ਦੇ ਵਿਦੇਸ਼ ’ਚ ਰਹਿੰਦੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਵੱਲੋਂ ਨਵਾਂ ਘਰ ਖਰੀਦਣ ਲਈ ਪੈਸੇ ਭੇਜੇ ਸਨ।

ਅਧਿਕਾਰੀ ਅਨੁਸਾਰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਨਾਲ ਲੱਗਦੇ ਦੋਵੇਂ ਗੁਆਂਢੀਆਂ ਦੇ ਘਰਾਂ ਨੂੰ ਬਾਹਰੋਂ ਕੁੰਡੀ ਲੱਗਾ ਦਿੱਤੀ ਤਾਂ ਜੋ ਕੋਈ ਆਵਾਜ਼ ਸੁਣ ਕੇ ਬਾਹਰ ਨਾ ਆ ਸਕੇ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਸਵੇਰੇ ਤੜਕੇ ਇਕ ਔਰਤ ਗੁਰਦੁਆਰਾ ਸਾਹਿਬ ਜਾਣ ਲਈ ਉੱਠੀ, ਤਾਂ ਉਸ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਘਰ ਦਾ ਦਰਵਾਜ਼ਾ ਖੋਲ੍ਹਣ ਲਈ ਉਨ੍ਹਾਂ ਨੇ ਜਦੋਂ ਗੁਆਂਢੀ ਨੂੰ ਫੋਨ ਕੀਤਾ ਤਾਂ ਉਸਦੇ ਘਰ ਦਾ ਦਰਵਾਜ਼ਾ ਵੀ ਬਾਹਰ ਤੋਂ ਬੰਦ ਕੀਤਾ ਹੋਇਆ ਸੀ।

ਪੁਲਸ ਅਧਿਕਾਰੀ ਅਨੁਸਾਰ ਸੀ. ਸੀ. ਟੀ. ਵੀ. ਕੈਮਰਿਆਂ ’ਚ ਮੂੰਹ ਢੱਕੇ ਹੋਏ ਚਾਰ ਨੌਜਵਾਨ ਦਿਖਾਈ ਦੇ ਰਹੇ ਹਨ। ਨੇੜਲੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਟਿਆਲਾ ਤੋਂ ਫੋਰੈਂਸਿਕ ਟੀਮ ਅਤੇ ਫਿੰਗਰਪ੍ਰਿੰਟ ਮਾਹਿਰਾਂ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਦਾ ਸੁਰਾਗ ਲਗਾਇਆ ਜਾ ਸਕੇ।

Read More : ਡੀ.ਜੀ.ਪੀ. ਨੇ ਗੁ. ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

Leave a Reply

Your email address will not be published. Required fields are marked *