ਗਰਿੱਲ ਤੋੜ ਕੇ ਘਰ ਹੋਏ ਦਾਖਲ, ਕੀਮਤੀ ਗਹਿਣੇ, ਨਕਦੀ ਅਤੇ ਡਾਲਰ ਲੈ ਕੇ ਰਫੂਚੱਕਰ
ਗੁਰਦਾਸਪੁਰ, 20 ਜੂਨ -: ਗੁਰਦਾਸਪੁਰ ਸ਼ਹਿਰ ਦੇ ਮਾਨ ਕੌਰ ਸਿੰਘ ਨੇੜੇ ਰੰਧਾਵਾ ਕਾਲੋਨੀ ’ਚ ਚੋਰਾਂ ਨੇ ਬੀਤੀ ਰਾਤ ਇਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ ਘਰ ਦੀ ਗਰਿੱਲ ਤੋੜ ਕੇ ਘਰ ’ਚ ਸੁੱਤੇ ਪਤੀ-ਪਤਨੀ ਨੂੰ ਕਮਰੇ ’ਚ ਹੀ ਬੰਦ ਕਰ ਦਿੱਤਾ ਅਤੇ ਚੁੱਪ ਚਪੀਤੇ ਕੀਮਤੀ ਗਹਿਣੇ, ਨਕਦੀ ਅਤੇ ਡਾਲਰ ਲੈ ਕੇ ਰਫੂਚੱਕਰ ਹੋ ਗਏ।
ਇਸ ਸਬੰਧੀ ਘਰ ਦੇ ਮਾਲਕ ਹਰਜੀਤ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਆਪਣੀ ਪਤਨੀ ਦੇ ਨਾਲ ਕਮਰੇ ’ਚ ਸੁੱਤੇ ਹੋਏ ਸਨ ਅਤੇ ਰਾਤ ਸਵਾ 2 ਵਜੇ ਦੇ ਕਰੀਬ, ਜਦੋਂ ਉਹ ਉੱਠ ਕੇ ਕਮਰੇ ’ਚੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਸੀ।
ਉਨ੍ਹਾਂ ਨੇ ਤੁਰੰਤ ਆਪਣੇ ਘਰ ਦੇ ਨੇੜੇ ਹੀ ਰਹਿੰਦੇ ਆਪਣੇ ਭਰਾ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਭਰਾ ਨੇ ਮੌਕੇ ’ਤੇ ਪਹੁੰਚ ਕੇ ਪੌੜੀਆਂ ਵਾਲੇ ਦਰਵਾਜ਼ੇ ਨੂੰ ਤੋੜਿਆ ਅਤੇ ਘਰ ਦੇ ਅੰਦਰ ਦਾਖਲ ਹੋ ਕੇ ਉਨ੍ਹਾਂ ਦੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਰੀਬ 11:30 ਵਜੇ ਵੀ ਉਹ ਬਾਥਰੂਮ ਕਰਨ ਗਏ ਸਨ ਤਾਂ ਉਸ ਮੌਕੇ ਸਭ ਕੁਝ ਠੀਕ ਸੀ, ਜਿਸ ਤੋਂ ਬਾਅਦ ਹੀ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਕਮਰੇ ’ਚ ਸੁੱਤੇ ਹੋਏ ਸਨ ਤਾਂ ਚੋਰ ਘਰ ਦੀ ਬਾਹਰਲੀ ਗਰਿੱਲ ਤੋੜ ਕੇ ਘਰ ’ਚ ਦਾਖਲ ਹੋਏ ਹਨ ਅਤੇ ਅਲਮਾਰੀ ’ਚੋਂ 8 ਤੋਲੇ ਸੋਨਾ, ਕਰੀਬ 1 ਲੱਖ ਰੁਪਏ ਨਕਦੀ ਅਤੇ 1000 ਨਿਊਜ਼ੀਲੈਂਡ ਡਾਲਰ ਚੋਰੀ ਕੀਤੇ ਹਨ। ਉਨ੍ਹਾਂ ਨੂੰ ਅੰਦਾਜ਼ਾ ਹੈ ਕਿ ਚੋਰੀ ਰਾਤ ਇਕ ਵਜੇ ਤੋਂ 2 ਵਜੇ ਦੇ ਵਿਚਕਾਰ ਹੋਈ ਹੈ।
ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਫਰੈਂਸਿਕ ਟੀਮ ਨੂੰ ਵੀ ਬੁਲਾ ਕੇ ਚੋਰਾਂ ਦਾ ਸੁਰਾਗ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਰਜੀਤ ਸਿੰਘ ਅਤੇ ਹੋਰ ਲੋਕਾਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਜਾਵੇ ਤਾਂ ਜੋ ਮੁੜ ਅਜਿਹੀ ਵਾਰਦਾਤ ਨਾ ਹੋਵੇ।
Read More : ਕੇਂਦਰੀ ਜੇਲ ’ਚ ਕੀਤੀ ਅਚਨਚੇਤ ਚੈਕਿੰਗ