Punjab-Flood

ਪੰਜਾਬ ਸਰਕਾਰ ਨੇ ਜੂਲੀਅਸ ਮਸੀਹ ਦੇ ਪਰਿਵਾਰ ਨੂੰ ਦਿੱਤੀ 4 ਲੱਖ ਦੀ ਮਾਲੀ ਸਹਾਇਤਾ

ਗੁਰਦਾਸਪੁਰ, 12 ਸਤੰਬਰ : ਬੀਤੀ 29 ਅਗਸਤ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਲੋਕਾਂ ਦੀ ਜਾਨ ਬਚਾਉਣ ਦੇ ਉਪਰਾਲੇ ਕਰ ਰਹੇ ਪਿੰਡ ਤਲਵੰਡੀ ਵਿਰਕ ਦੇ ਨੌਜਵਾਨ ਜੂਲੀਅਸ ਮਸੀਹ ਜਿਸ ਦਾ ਸੱਪ ਦੇ ਡੰਗਣ ਕਾਰਨ ਦਿਹਾਂਤ ਹੋ ਗਿਆ ਸੀ, ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਕੇ ਦੁੱਖ ਦੀ ਘੜੀ ‘ਚ ਕੁਝ ਰਾਹਤ ਦਿੱਤੀ। ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ 4 ਲੱਖ ਰੁਪਏ ਦਾ ਚੈੱਕ ਪੀੜ੍ਹਤ ਪਰਿਵਾਰ ਦੇ ਮੈਂਬਰਾਂ ਨੂੰ ਸੌਂਪਿਆ। ਇਸ ਦੌਰਾਨ ਉਨ੍ਹਾਂ ਨਾਲ ਐਸਡੀਐਮ ਗੁਰਦਾਸਪੁਰ ਸ. ਮਨਜੀਤ ਸਿੰਘ ਰਾਜਲਾ ਵੀ ਮੌਜੂਦ ਸਨ।

ਇਸ ਦੌਰਾਨ ਪੀੜਤ ਪਰਿਵਾਰ ਨਾਲ ਆਪਣੀ ਦਿਲੀ ਸੰਵੇਦਨਾ ਜਾਹਰ ਕਰਦਿਆਂ ਰਮਨ ਬਹਿਲ ਨੇ ਕਿਹਾ ਕਿ ਨੌਜਵਾਨ ਜੂਲੀਅਸ ਮਸੀਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੜ੍ਹ ਪੀੜਤਾਂ ਦੀ ਮੱਦਦ ਕਰ ਰਿਹਾ ਸੀ। ਇਸ ਦੌਰਾਨ ਸੱਪ ਲੜਨ ਦੇ ਹਾਦਸੇ ਦੌਰਾਨ ਉਸਦੀ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਜੂਲੀਅਸ ਮਸੀਹ ਦੇ ਵੱਡੇ ਭਰਾ ਦੀ ਵੀ ਬੇਵਕਤੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ ਕਿ ਦੋ ਨੌਜਵਾਨਾਂ ਦੀ ਮੌਤ ਹੋਣ ਕਾਰਨ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਇਹ ਪਰਿਵਾਰ ਬਹੁਤ ਗਰੀਬ ਹੈ ਅਤੇ ਪਰਿਵਾਰ ‘ਚ ਕਮਾਉਣ ਵਾਲਾ ਨਾ ਰਹਿਣ ਕਾਰਨ ਹਲਾਤ ਹੋਰ ਵੀ ਖ਼ਰਾਬ ਹੋ ਗਏ ਹਨ।

ਰਮਨ ਬਹਿਲ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਜੂਲੀਅਸ ਮਸੀਹ ਨੂੰ ਸੱਪ ਵੱਲੋਂ ਡੰਗੇ ਜਾਣ ਦਾ ਪਤਾ ਲੱਗਾ ਸੀ ਤਾਂ ਉਨ੍ਹਾਂ ਨੇ ਕੋਸ਼ਿਸ਼ ਕਰਕੇ ਇਸ ਨੌਜਵਾਨ ਦਾ ਇਲਾਜ ਕਰਾਉਣ ਲਈ ਹਸਪਤਾਲ ਵੀ ਦਾਖਲ ਕਰਾਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ।

ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਦੁੱਖਦਾਈ ਘਟਨਾ ਪੰਜਾਬ ਸਰਕਾਰ ਦੇ ਧਿਆਨ ‘ਚ ਲਿਆਂਦੀ ਸੀ ਅਤੇ ਪੰਜਾਬ ਸਰਕਾਰ ਕੋਲ ਪੀੜਤ ਪਰਿਵਾਰ ਦੀ ਮੱਦਦ ਕਰਨ ਦੀ ਗੁਹਾਰ ਲਗਾਈ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੰਵੇਦਨਾ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਦੇਰੀ ਪੀੜਤ ਪਰਿਵਾਰ ਦੀ ਬਾਂਹ ਫੜਦਿਆਂ 4 ਲੱਖ ਰੁਪਏ ਦੀ ਮਾਲੀ ਸਹਾਇਤਾ ਭੇਜੀ ਹੈ, ਜਿਸ ਨੂੰ ਅੱਜ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇਸ ਰਾਸ਼ੀ ਨਾਲ ਇਨਸਾਨ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਇਹ ਮਾਲੀ ਸਹਾਇਤਾ ਪਰਿਵਾਰ ਦੇ ਪਾਲਣ ਪੋਸ਼ਣ ‘ਚ ਜਰੂਰ ਕੁਝ ਨਾ ਕੁਝ ਮੱਦਦਗਾਰ ਸਾਬਤ ਹੋਵੇਗੀ।

ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਹੜ ਪ੍ਰਭਾਵਿਤ ਖੇਤਰਾਂ ‘ਚ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਿਨ-ਰਾਤ ਰਾਹਤ ਕਾਰਜਾਂ ‘ਚ ਲੱਗੀ ਹੋਈ ਹੈ ਅਤੇ ਜਿਸ ਕਿਸੇ ਦਾ ਵੀ ਜਾਨੀ-ਮਾਲੀ ਨੁਕਸਾਨ ਹੋਇਆ ਹੈ ਉਸ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇਗੀ।

Read More : 28 ਕਰੋੜ ਦੀ ਹੈਰੋਇਨ ਸਮੇਤ 4 ਸਮੱਗਲਰ ਗ੍ਰਿਫ਼ਤਾਰ, ਡਰੋਨ ਜ਼ਬਤ

Leave a Reply

Your email address will not be published. Required fields are marked *