ਅੰਮ੍ਰਿਤਸਰ, 7 ਅਕਤੂਬਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨੇ ਐੱਨ. ਜੀ. ਓ. ਹੈਲਪ ਐਂਡ ਚਾਈਲਡ ਆਫ ਇੰਡੀਆ ਨਾਲ ਮਿਲ ਕੇ ਅਜਨਾਲਾ ਦੇ ਮਲਿਕਪੁਰ ਪਿੰਡ ਵਿਚ ਹੜ੍ਹ ਪੀੜਤ ਬੱਚਿਆਂ ਲਈ ਮਾਨਸਿਕ ਸਿਹਤ ਸਹਾਇਤਾ ਸੈਸ਼ਨ ਦਾ ਆਯੋਜਨ ਕੀਤਾ। ਇਸ ਪਹਿਲਕਦਮੀ ਨੇ ਹਾਲ ਹੀ ਦੇ ਵਿਨਾਸ਼ਕਾਰੀ ਹੜ੍ਹਾਂ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਹੇ ਬੱਚਿਆਂ ਨੂੰ ਮਾਨਸਿਕ ਸਹਾਰਾ ਪ੍ਰਦਾਨ ਕੀਤਾ।
ਉਪ ਕੁਲਪਤੀ ਪ੍ਰੋਫੈਸਰ ਡਾ. ਕਰਮਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਡਾ. ਬਲਬਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਦੀ ਅਗਵਾਈ ਹੇਠ ਛੇ ਮਨੋਵਿਗਿਆਨ ਦੇ ਵਿਦਿਆਰਥੀਆਂ ਦੀ ਟੀਮ ਨੇ ਐੱਨ. ਜੀ. ਓ. ਵੱਲੋਂ ਸਥਾਪਿਤ ਚਾਈਲਡ ਫ੍ਰੈਂਡਲੀ ਸਪੇਸ ਵਿੱਚ ਬੱਚਿਆਂ ਨਾਲ ਸੰਪਰਕ ਕੀਤਾ ਗਿਆ। ਸੈਸ਼ਨ ਦੌਰਾਨ ਬੱਚਿਆਂ ਨੂੰ ਉਨ੍ਹਾਂ ਦੇ ਮਾਨਸਿਕ ਸਦਮਿਆਂ ਨੂੰ ਸਮਝਣ ਅਤੇ ਸੰਭਾਲਣ ਲਈ ਨਿਰਦੇਸ਼ਿਤ ਗਤੀਵਿਧੀਆਂ ਅਤੇ ਪਹਿਲੀ ਮਾਨਸਿਕ ਸਹਾਇਤਾ ਦੇ ਸਿਧਾਂਤਾਂ ਦੀ ਵਰਤੋਂ ਕੀਤੀ ਗਈ।
ਡਾ. ਬਲਬਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਝੱਲ ਕੇ ਹਟਿਆ ਹੈ ਜਿਸ ਦਾ ਉਹਨਾਂ ਦੇ ਮਨੋਵਿਗਿਆਨਿਕ ਸੰਸਾਰ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਹੈ ਇਸ ਦਾ ਜਿਆਦਾ ਪ੍ਰਭਾਵ ਖਾਸ ਕਰਕੇ ਬੱਚਿਆਂ ਤੇ ਪਿਆ ਹੈ ਸਾਨੂੰ ਸਭ ਨੂੰ ਉਨ੍ਹਾਂ ਦੇ ਪੜ੍ਹਨ ਪੜਾਉਣ ਦੇ ਉਪਰਾਲਿਆਂ ਵਿਚ ਰਲ ਕੇ ਮਦਦ ਕਰਨੀ ਚਾਹੀਦੀ ਹੈ।
ਟੀਮ ਨੇ ਦੇਖਿਆ ਕਿ ਸਾਰੇ ਬੱਚਿਆਂ ਵਿਚ ਸਦਮੇ ਦੇ ਲੱਛਣ ਸਨ, ਪਰ ਲੜਕੀਆਂ ਵਿਚ ਲੜਕਿਆਂ ਦੇ ਮੁਕਾਬਲੇ ਚਿੰਤਾ ਦਾ ਪੱਧਰ ਕੁਝ ਜ਼ਿਆਦਾ ਸੀ। ਸੈਸ਼ਨ ਦੌਰਾਨ ਬੱਚਿਆਂ ਨੇ ਆਪਣੇ ਸੁਪਨਿਆਂ ਨੂੰ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਨੇ ਫੌਜੀ, ਡਾਕਟਰ ਅਤੇ ਆਈ. ਏ. ਐੱਸ. ਅਫਸਰ ਬਣਨ ਦੀਆਂ ਇੱਛਾਵਾਂ ਜ਼ਾਹਰ ਕੀਤੀਆਂ, ਜੋ ਉਨ੍ਹਾਂ ਦੀ ਮੁਸੀਬਤਾਂ ਦੇ ਬਾਵਜੂਦ ਚੜ੍ਹਦੀ ਕਲਾ ਵਾਲੇ ਹੌਂਸਲੇ ਨੂੰ ਦਰਸਾਉਂਦਾ ਹੈ।
Read More : ਪੰਜਾਬ ਰੋਡਵੇਜ਼ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਗ੍ਰਿਫ਼ਤਾਰ
