ਡਾ. ਬਲਜੀਤ ਕੌਰ ਨੇ ਕੀਤਾ ਉਦਘਾਟਨ; 1 ਲੱਖ ਸ਼ਹਿਰ ਵਾਸੀਆਂ ਨੂੰ ਮਿਲੇਗੀ ਪਾਣੀ ਦੀ ਕਿੱਲਤ ਤੋਂ ਰਾਹਤ
ਮਲੋਟ, 25 ਮਾਰਚ : ਕੈਬਨਿਟ ਮੰਤਰੀ ਅਤੇ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ ਦੇ ਯਤਨਾਂ ਸਦਕਾ ਸ਼ਹਿਰ ਵਾਸੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਵੱਡੀ ਰਾਹਤ ਮਿਲਣ ਜਾ ਰਹੀ ਹੈ। ਮੰਤਰੀ ਨੇ ਅੱਜ ‘ਅਮਰੁਤ 2’ ਯੋਜਨਾ ਤਹਿਤ 16.25 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦਾ ਸਿੱਧਾ ਲਾਭ ਮਲੋਟ ਦੀ ਲਗਭਗ 1,00,000 ਆਬਾਦੀ ਨੂੰ ਮਿਲੇਗਾ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਹਿੰਦ ਫੀਡਰ ‘ਤੇ ਨਵੀਂ ਪੰਪਿੰਗ ਮਸ਼ੀਨਰੀ ਲਗਾਈ ਜਾਵੇਗੀ। ਲੀਕੇਜ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ 8,300 ਮੀਟਰ ਪੁਰਾਣੀ ਪਾਈਪਲਾਈਨ ਬਦਲੀ ਜਾਵੇਗੀ ਅਤੇ ਸ਼ਹਿਰ ਦੇ ਹਰ ਕੋਨੇ ਤੱਕ ਪਾਣੀ ਪਹੁੰਚਾਉਣ ਲਈ 20 ਕਿਲੋਮੀਟਰ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ। ਇਸ ਦੇ ਨਾਲ ਹੀ 3,000 ਪਰਿਵਾਰਾਂ ਨੂੰ ਨਵੇਂ ਘਰੇਲੂ ਕੁਨੈਕਸ਼ਨ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਇੱਕ ਸਾਲ ਦੇ ਅੰਦਰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ।
Read More : ਵਿਧਾਇਕ ਹਰਮੀਤ ਪਠਾਨਮਾਜਰਾ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ
