17.85 ਲੱਖ ਦੀ ਨਕਦੀ ਬਰਾਮਦ, ਚੋਰ ਗ੍ਰਿਫ਼ਤਾਰ
ਗੁਰਦਾਸਪੁਰ, 26 ਜੁਲਾਈ : ਗੁਰਦਾਸਪੁਰ ਪੁਲਿਸ ਨੇ ਚੋਰੀ ਦੀ ਵੱਡੀ ਘਟਨਾ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਕੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ₹17,85,000 ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਚੋਰੀ ਦੀ ਇਹ ਘਟਨਾ 24 ਜੁਲਾਈ ਨੂੰ ਕ੍ਰਿਸ਼ਨਾ ਮੰਦਰ ਧਾਰੀਵਾਲ ’ਚ ਵਾਪਰੀ ਸੀ।
ਐੱਸ. ਐੱਸ. ਪੀ. ਅਾਦਿੱਤਿਆ ਨੇ ਦੱਸਿਆ ਕਿ ਚੋਰ ਵੱਲੋਂ ਮੰਦਰ ਦੀ ਅਲਮਾਰੀ ਦੀ ਤੋੜਫੋੜ ਕਰਕੇ ਨਕਦੀ ਚੁਰਾਈ ਗਈ ਸੀ। ਮੰਦਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੇ ਡੀ. ਵੀ. ਆਰ ਵੀ ਚੋਰੀ ਕਰ ਲਏ ਗਏ ਸੀ ਤਾਂ ਜੋ ਕੋਈ ਸਬੂਤ ਨਾ ਰਹਿ ਜਾਵੇ। ਧਾਰੀਵਾਲ ਥਾਣੇ ਵਿਚ ਧਾਰਾਵਾਂ 305, 331(3) ਬੀ. ਐੱਨ. ਐੱਸ. ਅਧੀਨ ਦਰਜ ਕਰ ਕੇ ਜਾਂਚ ਕੀਤੀ ਗਈ।
ਇਸ ਤੋਂ ਬਾਅਦ ਸਪੈਸ਼ਲ ਇਨਵੈਸਟਿਗੇਸ਼ਨ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਸਹਾਇਤਾ ਅਤੇ ਗੁਪਤ ਸੂਚਨਾ ਦੇ ਅਾਧਾਰ ’ਤੇ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲੋ 17.85 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ। ਉਕਤ ਵਿਅਕਤੀ ਉਜਿਤ ਉਰਫ਼ ਅਜੀਤ ਵਾਸੀ ਝੁਗੀਆਂ ਲੁਧਿਆਣਾ ਮੁਹੱਲਾ ਧਾਰੀਵਾਲ ਖਿਲਾਫ ਪਹਿਲਾਂ ਵੀ ਚੋਰੀ ਦੇ 3 ਪਰਚੇ ਦਰਜ ਹਨ। ਗ੍ਰਿਫ਼ਤਾਰ ਹੋਏ ਚੋਰ ਨੂੰ ਪੁਲਿਸ ਰਿਮਾਂਡ ’ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਮੌਕੇ ਮੌਜੂਦ ਮੰਦਰ ਦੇ ਪੁਜਾਰੀ ਮਹੰਤ ਬਾਬਾ ਰਾਮ ਕ੍ਰਿਸ਼ਨ ਨੇ ਪੁਲਸ ਵੱਲੋਂ ਚੋਰ ਨੂੰ ਗ੍ਰਿਫਤਾਰ ਕਰਨ ਅਤੇ ਰਾਸ਼ੀ ਬਰਾਮਦ ਹੋਣ ’ਤੇ ਸਮੂਹ ਪੁਲਸ ਟੀਮ ਦਾ ਧੰਨਵਾਦ ਕੀਤਾ। ਮਹੰਤ ਬਾਬਾ ਰਾਮ ਕ੍ਰਿਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਰਾਸ਼ੀ ਬਰਾਮਦ ਹੋਣ ਦੀ ਆਸ ਛੱਡ ਦਿੱਤੀ ਸੀ। ਇਸ ਮੌਕੇ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਵੀ ਮੌਜੂਦ ਸਨ।
Read More : ਬਹਾਦਰ ਸੈਨਿਕਾਂ ਦੀ ਹਿੰਮਤ ਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ : ਮੁੱਖ ਮੰਤਰੀ
