encounter

ਦੁਕਾਨਦਾਰ ’ਤੇ ਫਾਇਰਿੰਗ ਕਰਨ ਵਾਲੇ 2 ਬਦਮਾਸ਼ਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ

ਅਜਨਾਲਾ, 19 ਅਕਤੂਬਰ : ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਰੂੜੇਵਾਲ ਦੇ ਧੁੱਸੀ ਬੰਨ੍ਹ ’ਤੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਦੀ ਅਗਵਾਈ ਵਿਚ ਅਜਨਾਲਾ ਅਤੇ ਰਮਦਾਸ ਥਾਣੇ ਦੀ ਪੁਲਸ ਪਾਰਟੀ ’ਤੇ ਫਿਰੌਤੀ ਮੰਗਣ ਦੇ ਮਾਮਲੇ ’ਚ ਰਿਮਾਂਡ ’ਤੇ ਲਿਆਂਦੇ 2 ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ।

ਇਸ ਸਬੰਧੀ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ 8 ਅਕਤੂਬਰ 2025 ਨੂੰ ਰਮਦਾਸ ਸ਼ਹਿਰ ਵਿਚ ਇਕ ਦੁਕਾਨਦਾਰ ’ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਤੁਰੰਤ ਬਾਅਦ ਥਾਣਾ ਰਮਦਾਸ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਸੀ।

ਪੁਲਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜੀਵਨ ਸਿੰਘ ਫੌਜੀ ਨਾਂ ਦੇ ਬਦਮਾਸ਼ ਵੱਲੋਂ ਦੋ ਵਿਅਕਤੀਆਂ ਨੂੰ ਪੈਸੇ ਦਾ ਲਾਲਚ ਦੇ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਤਫਤੀਸ਼ ਦੌਰਾਨ ਪਾਇਆ ਗਿਆ ਕਿ ਬਦਨਾਮ ਬਦਮਾਸ਼ ਜੀਵਨ ਸਿੰਘ ਫੌਜੀ ਵੱਲੋਂ ਅਜਨਾਲਾ/ਰਮਦਾਸ ਇਲਾਕੇ ਵਿਚ ਆਕਾਸ਼ ਨਾਂ ਦੇ ਆਪਣੇ ਗੁਰਗੇ ਰਾਹੀਂ ਉਕਤ ਦੋਵਾਂ ਵਿਅਕਤੀਆਂ ਨੂੰ, ਜੋ ਕਿ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਇਸ ਵੇਲੇ ਕਰਨਾਲ ਵਿਚ ਰਹਿ ਰਹੇ ਸਨ, ਨੂੰ ਫਿਰੌਤੀ ਮੰਗਣ ਲਈ ਰਮਦਾਸ ਇਲਾਕੇ ਵਿਚ ਅਮਨ ਪਸੰਦ ਸ਼ਹਿਰੀਆਂ ’ਤੇ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਲਈ ਸੱਦਿਆ ਗਿਆ ਸੀ। ਦੋਵਾਂ ਬਦਮਾਸ਼ਾਂ ਦੇ ਨਾਂ ਅਵਿਨਾਸ਼ ਐਲੀਅਸ ਅਭੀ ਤੇ ਆਜ਼ਾਦ ਹਨ।

ਡੀ. ਐੱਸ. ਪੀ. ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਰਮਦਾਸ ਪੁਲਸ ਵੱਲੋਂ ਉਕਤ ਦੋਵਾਂ ਬਦਮਾਸ਼ਾਂ ਨੂੰ ਕਰਨਾਲ ਤੋਂ ਗ੍ਰਿਫਤਾਰ ਕਰ ਕੇ ਅਜਨਾਲਾ ਲਿਆਂਦਾ ਗਿਆ। ਮਾਣਯੋਗ ਅਦਾਲਤ ਵਿਚੋਂ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਕਿ ਉਨ੍ਹਾਂ ਨੇ ਗੋਲੀਆਂ ਚਲਾਉਣ ਲਈ ਵਰਤਿਆ ਗਿਆ ਪਿਸਤੌਲ ਪਿੰਡ ਰੂੜੇਵਾਲ ਨੇੜੇ ਧੁੱਸੀ ਬੰਨ੍ਹ ’ਤੇ ਲੁਕੋਇਆ ਹੋਇਆ ਹੈ।

ਅੱਜ ਜਦੋਂ ਦੋਵਾਂ ਨੂੰ ਹਥਿਆਰ ਦੀ ਬਰਾਮਦਗੀ ਲਈ ਰੂੜੇਵਾਲ ਧੁੱਸੀ ਬੰਨ੍ਹ ’ਤੇ ਲਿਜਾਇਆ ਗਿਆ ਤਾਂ ਉਨ੍ਹਾਂ ਨੇ ਪਿਸਤੌਲ ਬਰਾਮਦ ਕਰਵਾਉਣ ਸਮੇਂ ਉਸੇ ਹੀ ਪਿਸਤੌਲ ਨਾਲ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।

ਪੁਲਸ ਦੀ ਜਵਾਬੀ ਕਾਰਵਾਈ ਵਿਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਥਾਣਾ ਰਮਦਾਸ ਅੰਦਰ ਜੁਰਮ ’ਚ ਵਾਧਾ ਕਰ ਕੇ ਪਰਚਾ ਕਰ ਦਿੱਤਾ ਗਿਆ ਹੈ।

Read More : ਮਾਨ ਸਰਕਾਰ ਨੇ ‘ਆਸ਼ੀਰਵਾਦ ਯੋਜਨਾ’ ਤਹਿਤ 29.33 ਕਰੋੜ ਰੁਪਏ ਕੀਤੇ ਜਾਰੀ

Leave a Reply

Your email address will not be published. Required fields are marked *