ਡਕੈਤੀ ਮਾਮਲਾ

ਸਰਾਫ਼ ਦੇ ਘਰ ਡਕੈਤੀ ਮਾਮਲੇ ’ਚ ਪੁਲਸ ਨੂੰ ਮਿਲੀ ਵੱਡੀ ਸਫਲਤਾ, 4 ਮੁਲਜ਼ਮ ਕਾਬੂ

32 ਲੱਖ ਰੁਪਏ ਨਕਦ ਸਮੇਤ 1 ਕਿਲੋ 300 ਗ੍ਰਾਮ ਸੋਨਾ-ਚਾਂਦੀ ਬਰਾਮਦ; ਕੁੱਲ ਬਰਾਮਦਗੀ 1.85 ਕਰੋੜ ਰੁਪਏ

ਗੁਰਦਾਸਪੁਰ, 12 ਮਾਰਚ : ਗੁਰਦਾਸਪੁਰ ’ਚ ਕੁਝ ਦਿਨ ਪਹਿਲਾਂ ਇਕ ਸਰਾਫ਼ ਦੇ ਘਰ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਮਾਮਲੇ ’ਚ ਜ਼ਿਲਾ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਵਾਰਦਾਤ ’ਚ ਸ਼ਾਮਲ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 32 ਲੱਖ ਰੁਪਏ ਦੀ ਨਕਦੀ ਅਤੇ ਲਗਭਗ 1 ਕਿਲੋ 300 ਗ੍ਰਾਮ ਸੋਨੇ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ। ਇਸ ਕੁੱਲ ਬਰਾਮਦਗੀ ਦੀ ਕੀਮਤ ਕਰੀਬ 1 ਕਰੋੜ 85 ਲੱਖ ਰੁਪਏ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 5 ਮਾਰਚ ਨੂੰ ਸਵੇਰੇ ਕਰੀਬ 8 ਵਜੇ ਨਿਹੰਗ ਭੇਸ ’ਚ ਆਏ 5 ਤੋਂ 6 ਹਥਿਆਰਬੰਦ ਵਿਅਕਤੀ ਇਕ ਕਾਰ ਰਾਹੀਂ ਟਰਸਟ ਦੀ ਸਕੀਮ ਨੰਬਰ-7 ’ਚ ਸਥਿਤ ਸਰਾਫ਼ ਵਰੁਣ ਮਹਾਜਨ ਦੇ ਘਰ ’ਚ ਦਾਖਲ ਹੋਏ ਸਨ। ਮੁਲਜ਼ਮਾਂ ਨੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲਗਭਗ 7 ਕਰੋੜ ਰੁਪਏ ਦੀ ਲੁੱਟ ਕੀਤੀ ਸੀ, ਜਿਸ ’ਚ 1 ਕਰੋੜ 92 ਲੱਖ ਰੁਪਏ ਦੀ ਨਕਦੀ ਵੀ ਸ਼ਾਮਲ ਸੀ। ਵਾਰਦਾਤ ਮਗਰੋਂ ਮੁਲਜ਼ਮ ਘਰ ਦੇ ਮਾਲਕ ਦੀ ਟਾਟਾ ਹੈਰੀਅਰ ਕਾਰ ਅਤੇ ਮੋਬਾਈਲ ਫੋਨ ਵੀ ਲੁੱਟ ਕੇ ਫਰਾਰ ਹੋ ਗਏ ਸਨ।

ਐੱਸ.ਐੱਸ.ਪੀ. ਅਦਿੱਤਿਯ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਸ ਵੱਲੋਂ ਗਠਿਤ ਵਿਸ਼ੇਸ਼ ਟੀਮਾਂ ਜਾਂਚ ’ਚ ਜੁਟ ਗਈਆਂ ਸਨ। ਜਾਂਚ ਦੌਰਾਨ ਪੀੜਤ ਦੀ ਕਾਰ ਟਾਂਡਾ ਨੇੜਿਓਂ ਲਾਵਾਰਿਸ ਹਾਲਤ ’ਚ ਬਰਾਮਦ ਹੋਈ। ਪੁਲਸ ਨੇ ਤਕਨੀਕੀ ਸਬੂਤਾਂ ਅਤੇ ਗੁਪਤ ਸੂਚਨਾਵਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਦਬੋਚ ਲਿਆ।

ਫੜੇ ਗਏ ਮੁਲਜ਼ਮਾਂ ਦੀ ਪਹਿਚਾਣ ਰਾਜਬੀਰ ਸਿੰਘ ਉਰਫ ਰਾਜਾ ਵਾਸੀ ਪਿੰਡ ਧੀਮਾਨ (ਜ਼ਿਲਾ ਪੁਲਸ ਬਟਾਲਾ), ਬਲਵਿੰਦਰ ਸਿੰਘ ਉਰਫ ਬੂਟਾ ਵਾਸੀ ਪਿੰਡ ਧੀਮਾਨ, ਸਿਮਰਨਜੀਤ ਸਿੰਘ ਉਰਫ ਸਿੰਮਾ ਵਾਸੀ ਭਗਵਾਨਪੁਰ ਕਾਲੋਨੀ (ਜ਼ਿਲਾ ਪੁਲਸ ਬਟਾਲਾ) ਅਤੇ ਕੁਲਬੀਰ ਸਿੰਘ ਵਾਸੀ ਕੋਟਲੀ ਸੂਰਤ ਮੱਲੀਆਂ ਵਜੋਂ ਹੋਈ ਹੈ।

ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਯ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਬਰਾਮਦ ਕੀਤੇ ਸਾਮਾਨ ਦੀ ਕੁੱਲ ਕੀਮਤ 1 ਕਰੋੜ 85 ਲੱਖ ਰੁਪਏ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ’ਚ ਸ਼ਾਮਲ ਹੋਰਨਾਂ ਮੁਲਜ਼ਮਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ, ਜਿਨ੍ਹਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਸ ਅਧਿਕਾਰੀ ਅਨੁਸਾਰ ਬਾਕੀ ਦੋਸ਼ੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਐੱਸ.ਪੀ. ਡਿਟੈਕਟਿਵ ਡੀ.ਕੇ. ਚੌਧਰੀ ਅਤੇ ਸਿਟੀ ਥਾਣਾ ਇੰਚਾਰਜ ਵੀ ਹਾਜ਼ਰ ਸਨ।

Read More : ਕੈਨੇਡਾ ਵਿਚ ਪੰਜਾਬੀ ਮੂਲ ਦਾ ਵਿਅਕਤੀ ‘ਵਾਂਟੇਡ’ ਐਲਾਨਿਆ

Leave a Reply

Your email address will not be published. Required fields are marked *