ਬਟਾਲਾ ਤੋਂ 4 ਹੈਂਡ-ਗ੍ਰੇਨੇਡ, 2 ਕਿਲੋਗ੍ਰਾਮ ਆਰ. ਡੀ. ਐੱਕਸ-ਅਧਾਰਿਤ ਆਈ. ਈ. ਡੀ. ਬਰਾਮਦ
ਇਕ ਦੋਸ਼ੀ ਗ੍ਰਿਫ਼ਤਾਰ, ਦੂਜੇ ਫਰਾਰ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ : ਡੀ. ਜੀ. ਪੀ. ਪੰਜਾਬ
ਬਟਾਲਾ, 25 ਅਗਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਬਟਾਲਾ ਪੁਲਸ ਨੇ ਪਾਕਿ-ਆਈ. ਐੱਸ. ਆਈ. ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ।
ਅੱਜ ਇੱਥੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਨੇ 4 ਐੱਸ. ਪੀ. ਐੱਲ. ਐੱਚ. ਜੀ. ਆਰ.-84 ਹੈਂਡ ਗ੍ਰਨੇਡ (ਜਿਸਨੂੰ ਆਰਗੇਸ ਐੱਚ. ਜੀ-84 ਵੀ ਕਿਹਾ ਜਾਂਦਾ ਹੈ) ਅਤੇ ਇਕ ਕਾਲੇ ਧਾਤੂ ਦੇ ਡੱਬੇ ’ਚ ਪੈਕ ਆਰ. ਡੀ. ਐੱਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) , ਜਿਸ ਦਾ ਭਾਰ ਲਗਭਗ 2 ਕਿਲੋਗ੍ਰਾਮ ਹੈ , ਨੂੰ ਸੜਕ ਦੇ ਨੇੜੇ ਝਾੜੀਆਂ ’ਚੋਂ ਬਰਾਮਦ ਕੀਤਾ ਹੈ।
ਇਸ ਤੋਂ ਇਲਾਵਾ ਪੁਲਸ ਟੀਮਾਂ ਨੇ ਇਕ ਬਾਓਫੇਂਗ ਡਿਊਲ-ਬੈਂਡ ਐੱਫ. ਐੱਮ. ਟ੍ਰਾਂਸਸੀਵਰ ਸੈੱਟ, ਇਕ ਡੀ-ਆਕਾਰ ਵਾਲਾ ਹੈੱਡਸੈੱਟ, ਜੋ ਆਮ ਤੌਰ ’ਤੇ ਵਾਕੀ-ਟਾਕੀ ਨਾਲ ਵਰਤਿਆ ਜਾਂਦਾ ਹੈ, ਸਮੇਤ ਹੋਰ ਯੰਤਰ ਵੀ ਬਰਾਮਦ ਕੀਤੇ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਯੂ. ਕੇ. ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਅੱਤਵਾਦੀ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋਡੀਆ, ਜੋ ਕਿ ਪਾਕਿ ਆਈ. ਐੱਸ. ਆਈ. ਹਮਾਇਤ ਪ੍ਰਾਪਤ ਪਾਕਿਸਤਾਨ ਅਧਾਰਿਤ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰਿਆਂ ’ਤੇ ਕੰਮ ਕਰ ਰਿਹਾ ਹੈ, ਦੇ ਨਿਰਦੇਸ਼ਾਂ ’ਤੇ ਰੱਖੀ ਗਈ ਸੀ।
ਡੀ. ਜੀ. ਪੀ. ਨੇ ਦੱਸਿਆ ਕਿ ਇਕ ਦੋਸ਼ੀ, ਜਿਸਦੀ ਪਛਾਣ ਰਵਿੰਦਰ ਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਪੂਰੀਆ ਕਲਾਂ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਹੋਰ ਦੋਸ਼ੀ ਦੀ ਪਛਾਣ ਕਰ ਲਈ ਹੈ ਅਤੇ ਪੁਲਸ ਟੀਮਾਂ ਵੱਲੋਂ ਉਸਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ ਹੈ।
ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਨ ਦੀਆਂ ਕੋਸ਼ਿਸ਼ਾਂ ਜਾਰੀ : ਐੱਸ. ਐੱਸ. ਪੀ. ਮੀਰ
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐੱਸ. ਐੱਸ. ਪੀ.) ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਹੋਰ ਜਾਂਚ ਤੋਂ ਪਤਾ ਲੱਗਾ ਕਿ ਮੁਲਜ਼ਮ ਨੇ ਗੈਂਗਸਟਰ-ਅੱਤਵਾਦੀ ਨਿਸ਼ਾਨ ਸਿੰਘ ਉਰਫ਼ ਨਿਸ਼ਾਨ ਜੋਡੀਆ, ਜਿਸਨੇ ਵਿਸਫੋਟਕ ਛੁਪਾਉਣ ਅਤੇ ਪ੍ਰਾਪਤ ਕਰਨ ਦਾ ਪ੍ਰਬੰਧ ਕੀਤਾ ਸੀ, ਦੇ ਨਿਰਦੇਸ਼ਾਂ ’ਤੇ ਇਕ ਡੈੱਡ ਲੈਟਰਬਾਕਸ ਤਕਨੀਕ ਜ਼ਰੀਏ ਖੇਪ ਇਕੱਠੀ ਕੀਤੀ ਸੀ। ਇਸ ਖੇਪ ਦੀ ਬਰਾਮਦਗੀ ਨੇ ਪੰਜਾਬ ’ਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਦੇ ਉਦੇਸ਼ ਨਾਲ ਸਰਹੱਦ ਪਾਰੋਂ ਰਚੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ ਨਿਸ਼ਾਨ ਜੋਡੀਆ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਭਾਰਤ ਵਾਪਸ ਡਿਪੋਰਟ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਪੁਲਸ ਨੇ ਵਿਦੇਸ਼ ਮੰਤਰਾਲੇ ਅਤੇ ਬਰਮਿੰਘਮ ’ਚ ਭਾਰਤ ਦੇ ਕੌਂਸਲੇਟ ਜਨਰਲ ਨਾਲ ਪੱਤਰ ਵਿਹਾਰ ਸ਼ੁਰੂ ਕੀਤਾ ਹੈ ਅਤੇ ਉਸ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਇਸ ਸਬੰਧੀ ਐੱਫ. ਆਈ. ਆਰ. ਨੰਬਰ 129 ਮਿਤੀ 21.08.2025 ਨੂੰ ਥਾਣਾ ਸਦਰ ਬਟਾਲਾ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ 4 ਤਹਿਤ ਦਰਜ ਕੀਤੀ ਗਈ ਸੀ। ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜਿਵੇਂ ਜਿਵੇਂ ਅੱਤਵਾਦੀ ਨੈੱਟਵਰਕਾਂ ਦੀ ਸ਼ਮੂਲੀਅਤ ਸਪੱਸ਼ਟ ਹੁੰਦੀ ਗਈ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੀਆਂ ਸੰਬੰਧਿਤ ਧਾਰਾਵਾਂ ਵੀ ਕੇਸ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
Read More : ਪਾਕਿ ਜਹਾਜ਼ਾਂ ਲਈ ਹਵਾਈ ਪਾਬੰਦੀ 24 ਸਤੰਬਰ ਤੱਕ ਵਧਾਈ