ਸਮਾਣਾ-ਪਟਿਆਲਾ ਸੜਕ ’ਤੇ ਮਿਲੀ ਕਾਰ, ਪੁਲਸ ਤਲਾਸ਼ ’ਚ ਲੱਗੀ
ਸਮਾਣਾ, 9 ਜੁਲਾਈ :- ਬੀਤੀ ਰਾਤ ਮੋਹਾਲੀ ਤੋਂ ਸਮਾਣਾ ਆ ਰਹੇ ਕਾਰ ਸਵਾਰ ਪੁਲਸ ਕਾਂਸਟੇਬਲ ਦੇ ਰਾਹ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ. ਐੱਸ. ਪੀ. ਸਮਾਣਾ ਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਪੁਲਸ ਦੁਆਰਾ ਲਾਪਤਾ ਪੁਲਸ ਮੁਲਾਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਕਾਂਸਟੇਬਲ ਸਤਿੰਦਰ ਸਿੰਘ ਨਿਵਾਸੀ ਅਜੀਤ ਨਗਰ, ਸਮਾਣਾ ਅੱਜਕਲ ਮੋਹਾਲੀ ਪੁਲਸ ’ਚ ਐੱਸ. ਪੀ. ਸੰਦੀਪ ਕੁਮਾਰ ਨਾਲ ਡਿਊਟੀ ’ਤੇ ਸੀ। ਬੀਤੀ ਰਾਤ ਵੀ ਉਹ ਮੋਹਾਲੀ ਤੋਂ ਰਾਤ ਸਮੇਂ ਆਪਣੀ ਕਾਰ ’ਚ ਸਮਾਣਾ ਸਥਿਤ ਘਰ ਲਈ ਰਵਾਨਾ ਹੋਇਆ। ਰਾਹ ’ਚ ਲਗਭਗ 10:00 ਵਜੇ ਰਾਜਪੁਰਾ ਨੇੜੇ ਘਰ ਵਾਲਿਆਂ ਨਾਲ ਉਸ ਦੀ ਫੋਨ ’ਤੇ ਗੱਲਬਾਤ ਹੋਈ ਸੀ। ਕੁਝ ਸਮੇਂ ਬਾਅਦ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਫੋਨ ਬੰਦ ਸੀ। ਬਾਰ-ਬਾਰ ਕੋਸ਼ਿਸ ਕਰਨ ਦੇ ਬਾਵਜੂਦ ਉਸ ਨਾਲ ਸੰਪਰਕ ਨਹੀਂ ਕੀਤਾ ਜਾ ਸਕਿਆ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤਲਾਸ਼ ਸ਼ੁਰੂ ਕੀਤੀ ਤਾਂ ਉਸ ਦੀ ਕਾਰ ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਭਾਨਰੀ ਨੇੜੇ ਖੜ੍ਹੀ ਮਿਲੀ। ਇਸ ’ਚ ਖੂਨ ਦੇ ਕੁਝ ਛਿੱਟੇ ਲੱਗੇ ਸਨ ਅਤੇ ਉਸ ਦਾ ਪਰਸ ਪਿਆ ਹੋਇਆ ਸੀ ਪਰ ਸਤਿੰਦਰ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ।
ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਉਸ ਦੇ ਅਗਵਾ ਹੋਣ ਦੀ ਸੰਭਾਵਨਾ ਵੀ ਜਤਾਈ ਹੈ। ਪਰਿਵਾਰ ਵੱਲੋਂ ਗੋਤਾਖੋਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪਸਿਆਣਾ ਪੁਲਸ ਥਾਣੇ ਦੇ ਇੰਚਾਰਜ ਅਮਨਪਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕਿਸੇ ਅਜਨਬੀ ਦੁਆਰਾ ਸਤਿੰਦਰ ਸਿੰਘ ਨੂੰ ਅਗਵਾ ਕਰਨ ਦੀ ਸੰਭਾਵਨਾ ਜਤਾਈ ਹੈ, ਜਿਸ ’ਤੇ ਪੁਲਸ ਕਰਮੀ ਦੀ ਤਲਾਸ਼ ’ਚ ਪੁਲਸ ਜੁੱਟੀ ਹੋਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਪਟਿਆਲਾ ’ਚ ਸ਼ੁਰੂ ਹੋਈ ਈਜੀ ਰਜਿਸਟਰੀ ਪ੍ਰਣਾਲੀ