Dera Baba Nanak

ਖਡਿਆਲਾ ਸੈਣੀਆਂ ਤੋਂ ਡੇਰਾ ਬਾਬਾ ਨਾਨਕ ਲਈ ਪੈਦਲ ਸੰਗ ਯਾਤਰਾ ਅਰਦਾਸ ਨਾਲ ਆਰੰਭ

ਐਡਵੋਕੇਟ ਧਾਮੀ ਤੇ ਪੰਥਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ; 4 ਮਾਰਚ ਨੂੰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰੇਗੀ ਸੰਗਤ

ਹੁਸ਼ਿਆਰਪੁਰ, 1 ਮਾਰਚ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ‘ਸ੍ਰੀ ਚੋਲਾ ਸਾਹਿਬ’ ਦੇ ਦਰਸ਼ਨਾਂ ਲਈ ਜ਼ਿਲਾ ਹੁਸ਼ਿਆਰਪੁਰ ਦੇ ਇਤਿਹਾਸਕ ਪਿੰਡ ਖਡਿਆਲਾ ਸੈਣੀਆਂ ਤੋਂ ਦੋਆਬੇ ਦੀ ਸਭ ਤੋਂ ਵੱਡੀ ਚਾਰ ਰੋਜ਼ਾ ਪੈਦਲ ਸੰਗ ਯਾਤਰਾ ਜੈਕਾਰਿਆਂ ਦੀ ਗੂੰਜ ’ਚ ਆਰੰਭ ਹੋਈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਮੁੱਖ ਸੇਵਾਦਾਰ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ’ਚ ਰਵਾਨਾ ਹੋਣ ਤੋਂ ਪਹਿਲਾਂ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਯਾਤਰਾ ਦੀ ਸਫ਼ਲਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

ਜਥੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦਾ ਪਹਿਲਾ ਪੜਾਅ ਟਾਂਡਾ ਨੇੜੇ ਪਿੰਡ ਜੰਡ ਕੋਟਲੀ, ਦੂਜਾ ਪੜਾਅ ਹਰਚੋਵਾਲ ਅਤੇ ਤੀਜਾ ਪੜਾਅ ਘੁੰਮਣ ਕਲਾਂ (ਗੁਰਦਾਸਪੁਰ) ਵਿਖੇ ਹੋਵੇਗਾ। ਇਹ ਯਾਤਰਾ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚੇਗੀ। ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੰਤ ਬਾਬਾ ਅਮਰਜੀਤ ਸਿੰਘ, ਸੰਤ ਬਾਬਾ ਗੁਰਦੇਵ ਸਿੰਘ, ਬਾਬਾ ਜੋਗਿੰਦਰ ਸਿੰਘ ਅਤੇ ਸੰਤ ਬਾਬਾ ਸੁਖਵਿੰਦਰ ਸਿੰਘ ਸੁੱਖਾ ਭੂਰੀ ਵਾਲਿਆਂ ਸਮੇਤ ਕਈ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ।

ਸੇਵਾਦਾਰ ਭਾਈ ਲਵਪ੍ਰੀਤ ਸਿੰਘ ਅਤੇ ਸਟੇਜ ਸਕੱਤਰ ਭਾਈ ਲਵਦੀਪ ਸਿੰਘ ਨੇ ਜਥੇਦਾਰ ਰਣਧੀਰ ਸਿੰਘ ਨੂੰ ਸਨਮਾਨਿਤ ਕਰਦਿਆਂ ਸਾਲਾਨਾ ਸੇਵਾ ਸੌਂਪੀ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲਈ ਰਸਤੇ ’ਚ ਇਕ ਤੋਂ ਵੱਧ ਕੇ ਇਕ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ।

ਇਸ ਮੌਕੇ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ’ਚ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸੰਗਤ ਸਿੰਘ ਗਿਲਜੀਆਂ, ਦੇਸ਼ ਰਾਜ ਸਿੰਘ ਧੁੱਗਾ, ਬੀਬੀ ਮਹਿੰਦਰ ਕੌਰ ਜੋਸ਼, ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਅਤੇ ਚੇਅਰਮੈਨ ਹਰਮੀਤ ਸਿੰਘ ਔਲਖ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।

Read More : ਦੀਨਾਨਗਰ ’ਚ ਸੈਣੀ ਸਮਾਜ ਦੇ ਸਮਾਗਮ ’ਚ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕੀਤੀ ਸ਼ਿਰਕਤ

Leave a Reply

Your email address will not be published. Required fields are marked *