ਗੁਰਦੁਆਰਾ ਸ਼ੀਸ਼ਗੰਜ ਵਿਖੇ ਭਾਂਡਿਆ ਅਤੇ ਜੋੜੇ ਸਾਫ ਕਰਨ ਦੀ ਲਾਈ ਤਨਖਾਹ
ਧਾਰਮਿਕ ਸਮਾਗਮ ਦੌਰਾਨ ਨਾਚ-ਗਾਣਾ ਕਰਵਾਉਣ ’ਤੇ ਕੈਬਨਿਟ ਮੰਤਰੀ ਨੇ ਮੰਗੀ ਮੁਆਫੀ
ਅੰਮ੍ਰਿਤਸਰ, 6 ਅਗਸਤ : -ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਹੋਈ। ਇਕੱਤਰਤਾ ’ਚ ਜਥੇਦਾਰ ਬਾਬਾ ਟੇਕ ਸਿੰਘ, ਗਿਆਨੀ ਸੁਲਤਾਨ ਸਿੰਘ ਤੋਂ ਇਲਾਵਾ ਗਿਆਨੀ ਕੇਵਲ ਸਿੰਘ ਵੀ ਹਾਜ਼ਰ ਹੋਏ।
ਸਿੰਘ ਸਾਹਿਬਾਨ ਦੀ ਇਸ ਇਕੱਤਰਤਾ ਦੌਰਾਨ ਜਿੱਥੇ ਕਈ ਅਹਿਮ ਪੰਥਕ ਮਾਮਲਿਆਂ ’ਤੇ ਮਤੇ ਪਾਸ ਕੀਤੇ ਗਏ, ਉਥੇ ਹੀ ਬੀਤੀ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਲਬ ਕੀਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਪੇਸ਼ ਹੋਏ।
ਜ਼ਿਕਰਯੋਗ ਹੈ ਕਿ 24 ਜੁਲਾਈ ਨੂੰ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ, ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਇਕ ਪ੍ਰੋਗਰਾਮ ਟੈਗੋਰ ਹਾਲ ਵਿਖੇ ਕਰਵਾਇਆ ਗਿਆ ਸੀ, ਜਿਸ ’ਚ ਨਾਚ-ਗਾਣੇ ਅਤੇ ਮਨੋਰੰਜਨ ਕਰ ਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ। ਦੇਸ਼-ਵਿਦੇਸ਼ ਤੋਂ ਸਿੱਖ ਸੰਗਤ ਨੇ ਇਸ ਸਬੰਧੀ ਪੰਜਾਬ ਕੈਬਨਿਟ ਮੰਤਰੀ ਹਰਜੋਤ ਸਿੰਘ, ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਪੰਜਾਬੀ ਗਾਇਕ ਬੀਰ ਸਿੰਘ ਵਿਰੁੱਧ ਲਿਖਤੀ ਸ਼ਿਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜੀਆਂ ਸਨ।
ਇਸ ਸਬੰਧੀ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਧਾਰਮਿਕ ਸਜ਼ਾ ਸੁਣਾਉਂਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸਰਕਾਰਾਂ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆ ’ਤੇ ਸੈਮੀਨਾਰ, ਗੋਸ਼ਟੀਆਂ ਤੇ ਲੈਕਚਰ ਕਰਵਾਉਣੇ ਚਾਹੀਦੇ ਹਨ ਪਰ ਉਨ੍ਹਾਂ ’ਚ ਵੀ ਸਿੱਖ ਧਾਰਮਿਕ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ। ਇਨ੍ਹਾਂ ਸਮਾਗਮਾਂ ਨੂੰ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਲਿਆ ਜਾਵੇ।
ਸਿੰਘ ਸਾਹਿਬ ਨੇ ਆਖਿਆ ਕਿ ਸਾਹਮਣੇ ਆਏ ਤੱਥਾਂ ਤੋਂ ਸਪੱਸ਼ਟ ਹੋਇਆ ਹੈ ਕਿ ਸ਼੍ਰੀਨਗਰ ’ਚ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪ੍ਰੋਗਰਾਮ ’ਚ ਸਿੱਖ ਮਰਿਆਦਾ ਦੀ ਵੱਡੀ ਉਲੰਘਣਾ ਹੋਈ ਹੈ, ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ।
ਉਨ੍ਹਾਂ ਕਿਹਾ ਕਿ ਮੰਤਰੀ ਹਰਜੋਤ ਸਿੰਘ ਅੱਜ ਹੀ ਨੌਵੇਂ ਪਾਤਸ਼ਾਹ ਦੇ ਜਨਮ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਪੈਦਲ ਚੱਲ ਕੇ ਜਾਣਗੇ ਅਤੇ ਇਸ ਅਸਥਾਨ ਨੂੰ ਜਾਂਦੇ ਰਸਤਿਆਂ ਅਤੇ ਗਲੀਆਂ ਨੂੰ ਠੀਕ ਕਰਵਾਉਣਗੇ ਅਤੇ ਚੰਗੀ ਸਾਫ਼-ਸਫਾਈ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਗੁਰਦੁਆਰਾ ਕੋਠਾ ਸਾਹਿਬ ਪਾਤਸ਼ਾਹੀ ਨੌਵੀਂ, ਵੱਲਾ, ਵਿਖੇ 100 ਮੀਟਰ ਤੁਰ ਕੇ ਜਾਣ ਅਤੇ ਇਸ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਨੂੰ ਸੁਧਾਰਨ ਲਈ ਕਾਰਜ ਕਰਨ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਵੀ ਇਸੇ ਤਰ੍ਹਾਂ ਲੋੜੀਂਦੇ ਕਾਰਜਾਂ ਤੇ ਰਸਤਿਆਂ ਦਾ ਪ੍ਰਬੰਧ ਯਕੀਨੀ ਬਣਾਉਣਗੇ।
ਇਸੇ ਤਰ੍ਹਾਂ ਹਰਜੋਤ ਸਿੰਘ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਨਤਮਸਤਕ ਹੋਣ ਲਈ ਜਾਣਗੇ ਅਤੇ ਉਪਰੰਤ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ 2 ਦਿਨ ਜੋੜਾ ਘਰ ’ਚ ਸੇਵਾ ਕਰਨ ਉਪਰੰਤ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।
ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਗਲ ’ਚ ਪੱਲਾ ਪਾ ਕੇ ਆਪਣੇ ਵੱਲੋਂ ਕੀਤੀਆਂ ਸਾਰੀਆਂ ਹੀ ਗਲਤੀਆਂ ਨੂੰ ਮੰਨਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੰਘ ਸਾਹਿਬ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਨੂੰ ਸਿਰ ਮੱਥੇ ਕਰਦਿਆਂ ਕਿਹਾ ਕਿ ਸਿੰਘ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸੇਵਾ ਨੂੰ ਉਹ ਇਕ ਨਿਮਾਣੇ ਸਿੱਖ ਵਜੋਂ ਪੂਰਾ ਕਰਨਗੇ ਅਤੇ ਅਗਾਹਾਂ ਤੋਂ ਇਸ ਤਰ੍ਹਾਂ ਦੀ ਭੁੱਲ ਨਾ ਹੋਵੇ ਇਸ ਦਾ ਬਿਲਕੁਲ ਧਿਆਨ ਰੱਖਣਗੇ।
ਇਸ ਉਪਰੰਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੰਗੇ ਪੈਰੀਂ ਨੌਵੀਂ ਪਾਤਸ਼ਾਹੀ ਜੀ ਦੇ ਜਨਮ ਸਥਾਨ ਵਿਖੇ ਗਏ ਅਤੇ ਰਸਤੇ ’ਚ ਸਾਫ ਸਫਾਈ ਦਾ ਧਿਆਨ ਰੱਖਦੇ ਹੋਏ ਗੁਰਦੁਆਰਾ ਗੁਰੂ ਕਾ ਮਹਿਲ ਵਿਖੇ ਨਤਮਸਤਕ ਹੋਏ। ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਉਹਨਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਆਪਣੀ ਭੁੱਲ ਦੀ ਮਾਫੀ ਮੰਗੀ।
Read More : ਸ਼ਰਮਸਾਰ ਕਾਰਾ : 5 ਸਾਲਾ ਬੱਚੇ ਨਾਲ ਬਦਫੈਲੀ