ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਹਨੂੰਮਾਨਗੜ੍ਹ, 5 ਫਰਵਰੀ : ਹਨੂੰਮਾਨਗੜ੍ਹ ਜ਼ਿਲ੍ਹੇ ਦੇ ਥਾਣਾ ਸੰਗਰੀਆ ਅਧੀਨ ਆਉਂਦੇ ਪਿੰਡ ਰਸੂਵਾਲਾ ਤੋਂ ਇੱਕ ਬਹੁਤ ਹੀ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਖੇਤ ਵਿੱਚ ਬਣੀ ਪਾਣੀ ਵਾਲੀ ਡਿੱਗੀ ਵਿੱਚ ਡੁੱਬਣ ਕਾਰਨ ਇੱਕ ਕਿਸਾਨ ਅਤੇ ਉਸ ਦੇ 2 ਨੌਜਵਾਨ ਪੁੱਤਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (40), ਉਸ ਦੇ ਵੱਡੇ ਪੁੱਤਰ ਲਖਵਿੰਦਰ ਸਿੰਘ (22) ਅਤੇ ਛੋਟੇ ਪੁੱਤਰ ਰਾਜਵਿੰਦਰ ਸਿੰਘ (16) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਤਿੰਨੋਂ ਪਿਓ-ਪੁੱਤਰ ਆਪਣੇ ਖੇਤ ਵਿੱਚ ਫ਼ਸਲ ਨੂੰ ਸਪਰੇਅ ਕਰਨ ਗਏ ਸਨ। ਇਸ ਦੌਰਾਨ ਛੋਟਾ ਪੁੱਤਰ ਰਾਜਵਿੰਦਰ ਗੁਆਂਢੀ ਦੇ ਖੇਤ ਵਿੱਚ ਬਣੀ ਡਿੱਗੀ ‘ਚੋਂ ਪਾਣੀ ਲੈਣ ਗਿਆ, ਪਰ ਅਚਾਨਕ ਪੈਰ ਫਿਸਲਣ ਕਾਰਨ ਉਹ ਡਿੱਗੀ ਵਿੱਚ ਜਾ ਡਿੱਗਿਆ। ਉਸ ਦੀਆਂ ਚੀਕਾਂ ਸੁਣ ਕੇ ਵੱਡਾ ਭਰਾ ਲਖਵਿੰਦਰ ਉਸ ਨੂੰ ਬਚਾਉਣ ਲਈ ਪਹੁੰਚਿਆ, ਪਰ ਸੰਤੁਲਨ ਵਿਗੜਨ ਕਾਰਨ ਉਹ ਵੀ ਪਾਣੀ ਵਿੱਚ ਡਿੱਗ ਗਿਆ। ਆਪਣੇ ਦੋਵਾਂ ਪੁੱਤਰਾਂ ਨੂੰ ਡੁੱਬਦਾ ਵੇਖ ਪਿਤਾ ਗੁਰਦੀਪ ਸਿੰਘ ਨੇ ਵੀ ਡਿੱਗੀ ਵਿੱਚ ਛਾਲ ਮਾਰ ਦਿੱਤੀ, ਪਰ ਅਫ਼ਸੋਸ ਕਿ ਤਿੰਨਾਂ ਵਿੱਚੋਂ ਕੋਈ ਵੀ ਜਿਉਂਦਾ ਬਾਹਰ ਨਹੀਂ ਆ ਸਕਿਆ।
ਜਦੋਂ ਤਿੰਨੋਂ ਕਾਫੀ ਦੇਰ ਤੱਕ ਘਰ ਵਾਪਸ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਖੇਤ ਜਾ ਕੇ ਭਾਲ ਕੀਤੀ। ਡਿੱਗੀ ਨੇੜੇ ਪਈਆਂ ਜੁੱਤੀਆਂ, ਟੋਪੀ ਅਤੇ ਕੱਪੜੇ ਦੇਖ ਕੇ ਉਨ੍ਹਾਂ ਨੂੰ ਅਣਹੋਣੀ ਦਾ ਸ਼ੱਕ ਹੋਇਆ। ਜਦੋਂ ਜਾਂਚ ਕੀਤੀ ਗਈ ਤਾਂ ਡਿੱਗੀ ਵਿੱਚੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਗੁਰਦੀਪ ਸਿੰਘ ਖੇਤੀਬਾੜੀ ਕਰਦਾ ਸੀ, ਜਦਕਿ ਲਖਵਿੰਦਰ ਬੀ.ਐੱਸ.ਟੀ.ਸੀ. ਦਾ ਵਿਦਿਆਰਥੀ ਸੀ ਅਤੇ ਰਾਜਵਿੰਦਰ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਹੁਣ ਸਿਰਫ਼ ਗੁਰਦੀਪ ਸਿੰਘ ਦੀ ਪਤਨੀ ਅਤੇ ਇੱਕ ਧੀ ਰਹਿ ਗਏ ਹਨ।
Read More : ਰਾਮਪੁਰਾ ਫੂਲ ਦੇ 8 ਸਾਲਾ ਆਰੇਨ ਨੇ ਸਿਰਜਿਆ ਵਿਸ਼ਵ ਰਿਕਾਰਡ
