ਚੰਡੀਗੜ੍ਹ, 1 ਫਰਵਰੀ – ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰੀ ਬਜਟ ’ਚ ਪੰਜਾਬ ਦੇ ਅਹਿਮ ਖੇਤਰਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਬਜਟ ’ਚ ਕਈ ਦੂਰਦਰਸ਼ੀ ਐਲਾਨ ਹਨ, ਪਰ ਪੰਜਾਬ ਲਈ ਕੋਈ ਵਿਸ਼ੇਸ਼ ਆਰਥਿਕ ਜਾਂ ਸਰਹੱਦੀ ਖੇਤਰ ਪੈਕੇਜ ਪ੍ਰਦਾਨ ਨਹੀਂ ਕੀਤਾ ਗਿਆ।
ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਫ਼ਸਲੀ ਵਿਭਿੰਨਤਾ ’ਚ ਮੋਹਰੀ ਹੈ, ਪਰ ਬਜਟ ’ਚ ਇਸ ਲਈ ਕੋਈ ਠੋਸ ਵਿੱਤੀ ਉਤਸ਼ਾਹ ਨਹੀਂ ਦਿੱਤਾ ਗਿਆ। ਬਜਟ ’ਚ ਸਿਰਫ਼ ਇਕ AI ਆਧਾਰਤ ਕਿਸਾਨ ਗਿਆਨ ਪ੍ਰਣਾਲੀ ਦਾ ਸਧਾਰਨ ਜ਼ਿਕਰ ਹੈ। ਉਨ੍ਹਾਂ ਸੈਮੀਕੰਡਕਟਰ ਈਕੋਸਿਸਟਮ ਲਈ ਕੀਤੇ ਐਲਾਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੋਹਾਲੀ ਸਥਿਤ ਸੈਮੀਕੰਡਕਟਰ ਲੈਬਾਰਟਰੀ ਨੂੰ ਦੋ ਸਾਲ ਪਹਿਲਾਂ ਐਲਾਨੇ ਗਏ 10,000 ਕਰੋੜ ਰੁਪਏ ਅਜੇ ਤੱਕ ਨਹੀਂ ਮਿਲੇ।
ਉਨ੍ਹਾਂ ਖੇਡਾਂ ਦਾ ਸਾਮਾਨ ਬਣਾਉਣ ਲਈ ਰਾਸ਼ਟਰੀ ਪਹਿਲਕਦਮੀ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਇਸ ਨਾਲ ਜਲੰਧਰ ਦੇ ਖੇਡ ਉਦਯੋਗ ਨੂੰ ਲਾਭ ਮਿਲੇਗਾ। ਇਸੇ ਤਰ੍ਹਾਂ ਉਨ੍ਹਾਂ ਲੁਧਿਆਣਾ ਦੇ ਟੈਕਸਟਾਈਲ ਉਦਯੋਗ ਲਈ ਵੀ ਸਿੱਧੇ ਲਾਭਾਂ ਦੀ ਮੰਗ ਕੀਤੀ। ਡਾ. ਸਾਹਨੀ ਨੇ ਨਿਰਾਸ਼ਾ ਪ੍ਰਗਟਾਈ ਕਿ ਸੂਬੇ ਦੇ ਭਾਰੀ ਕਰਜ਼ੇ ਅਤੇ ਸਰਹੱਦੀ ਸਥਾਨ ਦੇ ਬਾਵਜੂਦ ਕੇਂਦਰ ਵੱਲੋਂ ਪੰਜਾਬ ਨੂੰ ਕੋਈ ਵਿਸ਼ੇਸ਼ ਮਦਦ ਨਹੀਂ ਦਿੱਤੀ ਗਈ।
Read More : ਹਿਮਾਚਲ ਤੇ ਕਸ਼ਮੀਰ ’ਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਪਿਆ ਮੀਂਹ
