ਲੱਤ ’ਚ ਲੱਗੀ ਗੋਲੀ, 30 ਜੂਨ ਨੂੰ ਹੋਈ ਵਾਰਦਾਤ ’ਚ ਮੁੱਖ ਦੋਸ਼ੀ ਵਜੋਂ ਲੋੜੀਂਦਾ ਸੀ ਰਵੀ ਮਸੀਹ
ਗੁਰਦਾਸਪੁਰ, 20 ਅਗਸਤ : ਅੱਜ ਤੜਕਸਾਰ ਗੁਰਦਾਸਪੁਰ ਦੇ ਪਿੰਡ ਮੀਰ ਕਚਾਣਾ ਵਿਖੇ ਪੁਲਸ ਅਤੇ ਇਕ ਬਦਮਾਸ਼ ਵਿਚਕਾਰ ਹੋਏ ਪੁਲਸ ਮੁਕਾਬਲੇ ’ਚ ਬਦਮਾਸ਼ ਰਵੀ ਮਸੀਹ ਜ਼ਖਮੀ ਹੋ ਗਿਆ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਹੈ।
ਐੱਸ. ਐੱਸ. ਪੀ. ਗੁਰਦਾਸਪੁਰ ਅਾਦਿੱਤਿਆ ਨੇ ਦੱਸਿਆ ਕਿ ਰਵੀ ਮਸੀਹ ਕਲਾਨੌਰ ’ਚ ਇਕ ਮੋਬਾਈਲ ਦੀ ਦੁਕਾਨ ’ਤੇ ਹੋਈ ਗੋਲੀਬਾਰੀ ਦੀ ਘਟਨਾ ਦਾ ਮੁੱਖ ਮੁਲਜ਼ਮ ਸੀ। ਉਨ੍ਹਾਂ ਦੱਸਿਆ ਕਿ ਰਵੀ ਮਸੀਹ ਥਾਣਾ ਘੁੰਮਣ ਕਲਾਂ ਅਧੀਨ ਪੈਂਦੇ ਪਿੰਡ ਅਟਾਰੀ ਦਾ ਰਹਿਣ ਵਾਲਾ ਹੈ। ਪੁਲਸ ਨੂੰ 30 ਜੂਨ ਨੂੰ ਕਲਾਨੌਰ ਵਿਖੇ ਇਕ ਦੁਕਾਨ ’ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲੋੜੀਂਦਾ ਸੀ। ਇਸ ਮਾਮਲੇ ’ਚ ਉਸਦੇ ਇਕ ਸਾਥੀ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਐੱਸ. ਐੱਸ. ਪੀ. ਆਦਿੱਤਿਆ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਵੀ ਮਸੀਹ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਮੀਰ ਕਚਾਣਾ ਵਿਖੇ ਮੌਜੂਦ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਨਾਕਾਬੰਦੀ ਕੀਤੀ। ਇਸ ਦੌਰਾਨ ਜਦੋਂ ਪੁਲਸ ਅਤੇ ਉਕਤ ਮੁਲਜ਼ਮ ਦਾ ਆਹਮੋ-ਸਾਹਮਣਾ ਹੋਇਆ ਤਾਂ ਮੁਕਾਬਲਾ ਹੋ ਗਿਆ।
ਪੁਲਸ ਮੁਕਾਬਲੇ ਦੌਰਾਨ ਰਵੀ ਮਸੀਹ ਦੀ ਲੱਤ ’ਤੇ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ’ਚ ਹੀ ਉਸਨੂੰ ਗ੍ਰਿਫਤਾਰ ਕਰ ਕੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਮੌਕੇ ਤੋਂ ਇਕ ਹਥਿਆਰ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਰਵੀ ਮਸੀਹ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
Read More : ਨਾਰਾਜ਼ ਵਿਅਕਤੀ ਨੇ ਘਰ ਨੂੰ ਲਾਈ ਅੱਗ