cabinet ministers

ਪੰਜਾਬ ਦੇ ਮੰਤਰੀਆਂ ਨੇ ਪ੍ਰਧਾਨ ਮੰਤਰੀ ਦੇ ਮਾਮੂਲੀ ਰਾਹਤ ਪੈਕੇਜ ਦੇਣ ਦੀ ਕੀਤੀ ਆਲੋਚਨਾ

ਕਿਹਾ-ਕੇਂਦਰ ਵੱਲੋਂ ਪੰਜਾਬ ਲਈ ਐਲਾਨੀ ਰਕਮ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦੇ ਮੁਕਾਬਲੇ ਸਮੁੰਦਰ ਵਿਚ ਇਕ ਬੂੰਦ ਵਾਂਗ ਹੈ

ਚੰਡੀਗੜ੍ਹ 10 ਸਤੰਬਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ, ਹਰਦੀਪ ਸਿੰਘ ਮੁੰਡੀਆਂ, ਹਰਭਜਨ ਸਿੰਘ ਈ. ਟੀ. ਓ., ਬਰਿੰਦਰ ਕੁਮਾਰ ਗੋਇਲ, ਲਾਲ ਚੰਦ ਕਟਾਰੂਚੱਕ ਅਤੇ ਲਾਲਜੀਤ ਸਿੰਘ ਭੁੱਲਰ ਨੇ ਪ੍ਰਧਾਨ ਮੰਤਰੀ ਵੱਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ 80,000 ਕਰੋੜ ਰੁਪਏ ਦੀ ਜਾਇਜ਼ ਮੰਗ ਦੇ ਉਲਟ ਸਿਰਫ਼ 1600 ਕਰੋੜ ਰੁਪਏ ਦਾ ਮਾਮੂਲੀ ਰਾਹਤ ਪੈਕੇਜ ਦੇਣ ਦੀ ਸਖ਼ਤ ਆਲੋਚਨਾ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਐਲਾਨ ਨੂੰ ਸਿਰਫ਼ ਦਿਖਾਵਾ ਕਰਾਰ ਦਿੱਤਾ।

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਹ ਮਾਮੂਲੀ ਸਹਾਇਤਾ ਸੂਬੇ ਦੇ ਲੱਖਾਂ ਲੋਕਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਂਗ ਹੈ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਵਿੱਚ ਆਪਣੇ ਘਰ, ਨੌਕਰੀਆਂ ਅਤੇ ਫਸਲਾਂ ਗੁਆ ਦਿੱਤੀਆਂ।

ਇਸ ਦੌਰਾਨ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪੰਜਾਬ ਨੇ ਹਾਲ ਹੀ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਵਿੱਚੋਂ ਇੱਕ ਦਾ ਸਾਹਮਣਾ ਕੀਤਾ ਹੈ, ਜਿਸਨੇ ਘਰ, ਫਸਲਾਂ ਅਤੇ ਰੋਜ਼ੀ-ਰੋਟੀ ਤਬਾਹ ਕਰ ਦਿੱਤੀ ਅਤੇ ਪੂਰੇ ਪਿੰਡ ਪਾਣੀ ਵਿੱਚ ਡੁੱਬ ਗਏ। ਅਜਿਹੀ ਭਿਆਨਕ ਸਥਿਤੀ ਵਿਚ ਕੇਂਦਰ ਵੱਲੋਂ ਪੰਜਾਬ ਲਈ ਐਲਾਨੀ ਗਈ ਰਕਮ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦੇ ਮੁਕਾਬਲੇ ਸਮੁੰਦਰ ਵਿੱਚ ਇੱਕ ਬੂੰਦ ਵਾਂਗ ਹੈ।’ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਪੰਜਾਬ ਦੇ ਲੋਕ, ਦੇਸ਼ ਦੇ ਭੋਜਨ ਪ੍ਰਦਾਤਾ ਅਤੇ ਸਰਹੱਦਾਂ ਦੇ ਰੱਖਿਅਕ, ਅਜਿਹੇ ਮਤਰੇਏ ਵਿਵਹਾਰ ਦੀ ਬਿਲਕੁਲ ਵੀ ਉਮੀਦ ਨਹੀਂ ਕਰਦੇ ਸਨ।

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਜਦੋਂ ਪੰਜਾਬ ਦੀ ਖੇਤੀਬਾੜੀ-ਅਧਾਰਤ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ, ਤਾਂ ਤੁਰੰਤ ਠੋਸ ਸਹਾਇਤਾ ਦੀ ਲੋੜ ਸੀ ਨਾ ਕਿ ਅਜਿਹਾ ਦਿਖਾਵਾ। ਮੰਤਰੀਆਂ ਨੇ ਕਿਹਾ ਕਿ ਸੂਬੇ ਵੱਲੋਂ 20,000 ਕਰੋੜ ਰੁਪਏ ਦੀ ਮੰਗ ਬੇਬੁਨਿਆਦ ਨਹੀਂ ਸੀ, ਸਗੋਂ ਜ਼ਮੀਨੀ ਪੱਧਰ ‘ਤੇ ਹੋਏ ਨੁਕਸਾਨ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਅਨੁਮਾਨ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਦਾ ਫੈਸਲਾ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਦੁਰਦਸ਼ਾ ਵੱਲ ਅੱਖਾਂ ਮੀਟਣ ਦੇ ਬਰਾਬਰ ਹੈ ਜੋ ਆਪਣੀ ਜ਼ਿੰਦਗੀ ਨੂੰ ਪਟੜੀ ‘ਤੇ ਲਿਆਉਣ ਲਈ ਸੰਘਰਸ਼ ਕਰ ਰਹੇ ਸਨ।

ਕੈਬਨਿਟ ਮੰਤਰੀਆਂ ਨੇ ਕਿਹਾ ਕਿ ਆਫ਼ਤ ਦੀ ਇਸ ਔਖੀ ਘੜੀ ਵਿਚ ਪ੍ਰਧਾਨ ਮੰਤਰੀ ਨੂੰ ਆਪਣੀਆਂ ਤੰਗ ਗਿਣਤੀਆਂ-ਮਿਣਤੀਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਪੈਕੇਜ ਦੇਣ ਵਿੱਚ ਵੱਡਾ ਦਿਲ ਅਤੇ ਉਦਾਰਤਾ ਦਿਖਾਉਣੀ ਚਾਹੀਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਘਰ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਪਾਣੀ ਦੀ ਇੱਕ ਬੂੰਦ ਵੀ ਮਾਇਨੇ ਨਹੀਂ ਰੱਖਦੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਮੂਲੀ ਰਾਹਤ ਵੱਡੇ ਪੱਧਰ ‘ਤੇ ਆਫ਼ਤ ਦੇ ਜ਼ਖ਼ਮਾਂ ਨੂੰ ਭਰ ਨਹੀਂ ਸਕਦੀ।

Read More : ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਪੁਲਸ ਛਾਉਣੀ ਬਣਿਆ ਗੁਰਦਾਸਪੁਰ

Leave a Reply

Your email address will not be published. Required fields are marked *