ਥਾਣੇ ਪਹੁੰਚਿਆ ਮਾਮਲਾ
ਲੁਧਿਆਣਾ, 1 ਅਕਤੂਬਰ : ਜ਼ਿਲਾ ਲੁਧਿਆਣਾ ਵਿਚ ਇਕ ਪ੍ਰੇਮੀ ਆਪਣੀ ਗਰਭਵਤੀ ਪ੍ਰੇਮਿਕਾ ਨੂੰ ਰੇਲ ਗੱਡੀ ਵਿਚ ਬਿਠਾ ਕੇ ਰਫੂ ਚੱਕਰ ਹੋ ਗਿਆ। ਉਕਤ ਮੁਲਜ਼ਮ ਲੜਕੀ ਨੂੰ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਉੱਤਰ ਪ੍ਰਦੇਸ਼ ਲਿਜਾ ਰਿਹਾ ਸੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਲੁਧਿਆਣਾ ਦੇ ਇਕ ਮੁਹੱਲੇ ਦੀ ਰਹਿਣ ਵਾਲੀ ਲੜਕੀ ਦੀ ਸ਼ਿਕਾਇਤ ਤੇ ਗੈਸ ਮਾਰਕੀਟ ਪ੍ਰਤਾਪਗੜ੍ਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨਿਰਮਲ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਮੁਲਜਮ ਨਾਲ ਉਸ ਦੀ ਜਾਣ ਪਛਾਣ ਹੈ। ਕੁਝ ਹੀ ਸਮੇਂ ਬਾਅਦ ਦੋਵਾਂ ਵਿਚਕਾਰ ਪ੍ਰੇਮ ਸੰਬੰਧ ਸਥਾਪਿਤ ਹੋ ਗਏ। ਲੜਕੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਪਿਛਲੇ ਤਕਰੀਬਨ ਇੱਕ ਸਾਲ ਤੋਂ ਮੁਲਜ਼ਮ ਉਸਨੂੰ ਲੁਧਿਆਣਾ ਦੇ ਬੱਸ ਅੱਡਾ ਦੇ ਕੋਲ ਪੈਂਦੇ ਹੋਟਲ ਕੈਲਾਸ਼ ਵਿੱਚ ਲਿਜਾ ਰਿਹਾ ਸੀ।
ਔਰਤ ਨੇ ਦੱਸਿਆ ਕਿ ਇਸ ਵੇਲੇ ਉਹ 6 ਮਹੀਨਿਆਂ ਦੀ ਗਰਭਵਤੀ ਹੈ। ਉਸ ਨੇ ਜਦ ਮੁਲਜ਼ਮ ਨਿਰਮਲ ਸਿੰਘ ਨੂੰ ਵਿਆਹ ਕਰਵਾਉਣ ਲਈ ਆਖਿਆ ਤਾਂ ਉਹ ਲਾਰੇ ਲਗਾਉਣ ਲੱਗ ਪਿਆ। ਬਾਅਦ ਵਿਚ ਅਚਾਨਕ ਮੁਲਜ਼ਮ ਨੇ ਆਖਿਆ ਕਿ ਉਹ ਆਪਣੇ ਪਿੰਡ ਲਿਜਾ ਕੇ ਉਸ ਨਾਲ ਵਿਆਹ ਕਰਵਾਵੇਗਾ। ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਹ ਲੜਕੀ ਨੂੰ ਉੱਤਰ ਪ੍ਰਦੇਸ਼ ਲੈ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਲੈ ਗਿਆ। ਦੋਵੇਂ ਰੇਲ ਗੱਡੀ ਵਿਚ ਬੈਠ ਗਏ।
ਰਾਮਪੁਰ ਸਟੇਸ਼ਨ ਦੇ ਕੋਲ ਰੇਲ ਰੁਕਦੇ ਹੀ ਮੁਲਜਮ ਪਿਸ਼ਾਬ ਕਰਨ ਦੇ ਬਹਾਨੇ ਰੇਲ ਵਿਚੋਂ ਬਾਹਰ ਨਿਕਲ ਗਿਆ। ਲੜਕੀ ਲੰਮੇ ਸਮੇਂ ਤੱਕ ਰੇਲਵੇ ਸਟੇਸ਼ਨ ਤੇ ਇੰਤਜ਼ਾਰ ਕਰਦੀ ਰਹੀ ਪਰ ਮੁਲਜਮ ਵਾਪਸ ਨਹੀਂ ਆਇਆ। ਲੁਧਿਆਣਾ ਪਹੁੰਚਣ ‘ਤੇ ਲੜਕੀ ਨੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਉਧਰੋਂ ਇਸ ਮਾਮਲੇ ਵਿੱਚ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮੁਲਜਮ ਨਿਰਮਲ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
Read More : ਸਦਨ ਨੇ ਪੰਜਾਬ ਵਸਤੂਆਂ ਤੇ ਸੇਵਾਵਾਂ ਕਰ (ਸੋਧ) ਬਿੱਲ 2025 ਸਮੇਤ 2 ਬਿੱਲ ਕੀਤੇ ਪਾਸ
