Punjabi University

ਪੰਜਾਬੀ ਯੂਨੀਵਰਸਿਟੀ ਦਾ ਤਾਜ਼ਾ ਅਧਿਐੱਨ

ਜੰਕ ਫੂਡ, ਡੱਬਾਬੰਦ ਭੋਜਨ, ਸ਼ਰਾਬ ਦੀ ਵਰਤੋਂ ਅਤੇ ਘੱਟ ਸਰੀਰਕ ਗਤੀਵਿਧੀ ਨਾਲ ਵਧਦੈ ਬਾਂਝਪਣ ਦਾ ਜ਼ੋਖਮ

ਵਾਤਾਵਰਣ ਅਤੇ ਜੈਨੇਟਿਕ ਕਾਰਕਾਂ ਦਾ ਕੀਤਾ ਵਿਸ਼ਲੇਸ਼ਣ

ਪਟਿਆਲਾ, 3 ਅਗਸਤ : ਪੰਜਾਬੀ ਯੂਨੀਵਰਸਿਟੀ ਦੀ ਇਕ ਤਾਜ਼ਾ ਖੋਜ ਰਾਹੀਂ ਬਾਂਝਪਣ ਦੀ ਸਮੱਸਿਆ ’ਚ ਵਾਤਾਵਰਣ, ਜੈਨੇਟਿਕ ਅਤੇ ਜੀਵਨ-ਸ਼ੈਲੀ ਨਾਲ ਜੁੜੇ ਕਾਰਕਾਂ ਦੇ ਜਟਿਲ ਸਬੰਧਾਂ ਬਾਰੇ ਅਹਿਮ ਤੱਥ ਉਜਾਗਰ ਹੋਏ ਹਨ।

ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਤੋਂ ਨਿਗਰਾਨ ਡਾ. ਰਜਿੰਦਰ ਕੌਰ ਅਤੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਤੋਂ ਸਹਿ-ਨਿਗਰਾਨ ਡਾ. ਪ੍ਰੀਤੀ ਖੇਤਰਪਾਲ ਦੀ ਅਗਵਾਈ ਹੇਠ ਖੋਜਾਰਥੀ ਡਾ. ਮਨਦੀਪ ਕੌਰ ਵੱਲੋਂ ਕੀਤੇ ਇਸ ਅਧਿਐੱਨ ਰਾਹੀਂ ਬਾਂਝਪਣ ਦੀ ਵਧਦੀ ਸਮੱਸਿਆ ਨੂੰ ਹੱਲ ਕਰਨ ਲਈ ਜਾਗਰੂਕਤਾ ਅਤੇ ਸੰਯੁਕਤ ਪਹੁੰਚ ਅਪਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ ਹੈ।

ਡਾ. ਮਨਦੀਪ ਕੌਰ ਨੇ ਦੱਸਿਆ ਕਿ ਅਧਿਐੱਨ ’ਚ ਵੱਖ-ਵੱਖ ਕਾਰਕਾਂ ਜਿਵੇਂ ਕਿ ਬਾਡੀ ਮਾਸ ਇੰਡੈਕਸ (ਬੀ. ਐੱਮ. ਆਈ.), ਘੱਟ ਸਰੀਰਕ ਗਤੀਵਿਧੀ, ਪੇਸ਼ਾ, ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ, ਚਾਹ/ਕੌਫੀ ਦੀ ਵਰਤੋਂ ਅਤੇ ਜੰਕ ਫੂਡ ਦੀ ਵਰਤੋਂ ਆਦਿ ਨੂੰ ਬਾਂਝਪਣ ਨਾਲ ਜੋੜ ਕੇ ਵੇਖਿਆ ਗਿਆ, ਜਿਸ ਤੋਂ ਅਹਿਮ ਨਤੀਜੇ ਸਾਹਮਣੇ ਆਏ।

ਉਨ੍ਹਾਂ ਦੱਸਿਆ ਕਿ ਖਾਸ ਤੌਰ ’ਤੇ ਕੌਪਰ, ਕੋਬਾਲਟ, ਮੈਂਗਨੀਜ਼, ਜ਼ਿੰਕ, ਸੇਲੇਨੀਅਮ, ਯੂਰੇਨੀਅਮ, ਵੈਨੇਡੀਅਮ ਅਤੇ ਬਿਸਮਥ ਵਰਗੇ ਭਾਰੀ ਧਾਤਾਂ ਦੇ ਸੀਰਮ ਪੱਧਰਾਂ ’ਚ ਤਬਦੀਲੀ, ਨਾਲ ਹੀ ਕੋਲੈਸਟ੍ਰੋਲ, ਟ੍ਰਾਈਗਲਿਸਰਾਈਡ ਅਤੇ ਘੱਟ-ਘਣਤਾ ਵਾਲੇ ਲਿਪੋਪ੍ਰੋਟੀਨ (ਐੱਲ. ਡੀ. ਐੱਲ.) ਦੇ ਪੱਧਰ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਦੇ ਬਾਂਝਪਣ ਦੇ ਵਧੇ ਹੋਏ ਜੋਖਮ ਨਾਲ ਜੋੜ ਕੇ ਵੇਖਿਆ ਗਿਆ।

ਉਨ੍ਹਾਂ ਦੱਸਿਆ ਕਿ ਬਾਂਝਪਣ ਵਾਲੂਆਂ ਔਰਤਾਂ ’ਚ ਖਾਸ ਤੌਰ ’ਤੇ ਲੋਹੇ ਅਤੇ ਜ਼ਿੰਕ ਦੇ ਸੀਰਮ ਪੱਧਰ ਕਾਫ਼ੀ ਘੱਟ ਮਾਤਰਾ ’ਚ ਵੇਖੇ ਗਏ। ਕੌਪਰ ਦੇ ਉੱਚ ਪੱਧਰ ਔਰਤਾਂ ’ਚ ਵਧੇ ਹੋਏ ਟ੍ਰਾਈਗਲਿਸਰਾਈਡ ਪੱਧਰਾਂ ਨਾਲ ਸਬੰਧਤ ਸਨ। ਪੁਰਸ਼ਾਂ ’ਚ ਕ੍ਰੋਮੀਅਮ ਅਤੇ ਐੱਲ. ਡੀ. ਐੱਲ. ਕੋਲੈਸਟ੍ਰੋਲ ਦੇ ਵਧੇ ਹੋਏ ਪੱਧਰ ਨਾਲ ਉਨ੍ਹਾਂ ਦੇ ਵੀਰਜ ਦੀ ਗੁਣਵੱਤਾ ’ਤੇ ਮਾੜਾ ਪ੍ਰਭਾਵ ਵੇਖਿਆ ਗਿਆ, ਜੋ ਮਰਦਾਂ ’ਚ ਬਾਂਝਪਣ ਦੇ ਜੋਖਮ ਨੂੰ ਹੋਰ ਵਧਾਉਂਦਾ ਹੈ।

ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਅਧਿਐੱਨ ਦੌਰਾਨ ਕੀਤੇ ਜੈਨੇਟਿਕ ਵਿਸ਼ਲੇਸ਼ਣ ’ਚ ਪਤਾ ਲੱਗਾ ਕਿ ਐੱਮ. ਟੀ. ਐੱਚ. ਐੱਫ. ਆਰ. ਜੀਨ (ਆਰ. ਐੱਸ. 1801133 ਅਤੇ ਆਰ. ਐੱਸ. 1801131 ਵੇਰੀਐਂਟ) ਪੁਰਸ਼ਾਂ ਅਤੇ ਔਰਤਾਂ ਦੋਵਾਂ ’ਚ ਬਾਂਝਪਣ ਦੇ ਜੋਖਮ ਨੂੰ ਵਧਾਉਂਦਾ ਹੈ, ਜਦਕਿ ਐੱਨ. ਆਰ. 5.ਏ.1 ਜੀਨ ਵੇਰੀਐਂਟ (ਆਰ. ਐੱਸ. 1110061) ਪੁਰਸ਼ਾਂ ’ਚ ਬਾਂਝਪਣ ਦੇ ਜੋਖਮ ਨੂੰ ਘਟਾਉਂਦਾ ਹੈ। ਉਨ੍ਹਾਂ ਦੱਸਿਆ ਕਿ ਅਧਿਐੱਨ ਰਾਹੀਂ ਜੀਨ ਅਤੇ ਵਾਤਾਵਰਣ ਦੇ ਸਬੰਧਾਂ ਦੀ ਵੀ ਪਛਾਣ ਕੀਤੀ ਗਈ, ਜਿਸ ਤੋਂ ਪ੍ਰਾਪਤ ਅੰਕੜੇ ਦਸਦੇ ਹਨ ਕਿ ਖਾਸ ਤੌਰ ’ਤੇ ਐੱਮ. ਟੀ. ਐੱਚ. ਐੱਫ. ਆਰ. (ਆਰ. ਐੱਸ. 1801133) ਵੇਰੀਐਂਟ ਅਤੇ ਜੀਵਨ-ਸ਼ੈਲੀ ਦੇ ਕਾਰਕਾਂ ਜਿਵੇਂ ਕਿ ਜੰਕ ਫੂਡ (9.34%), ਡੱਬਾਬੰਦ ਭੋਜਨ (10.07%), ਸ਼ਰਾਬ ਦਾ ਸੇਵਨ (6.32%) ਅਤੇ ਘੱਟ ਸਰੀਰਕ ਗਤੀਵਿਧੀ (4.64%) ਨੇ ਬਾਂਝਪਣ ਦੇ ਜੋਖਮ ਨੂੰ ਵਧਾਇਆ।

Read More : ਸੁਖਬੀਰ ਦੀਆਂ ਨਜ਼ਰਾਂ ਭਾਜਪਾ ਦੀਆਂ ਫੌੜੀਆਂ ਵੱਲ : ਬੀਬੀ ਜਗੀਰ ਕੌਰ

Leave a Reply

Your email address will not be published. Required fields are marked *