ਵਿਰਸੇ ਤੇ ਵਿਰਾਸਤ ਨੂੰ ਕਾਇਮ ਰੱਖਣ ’ਚ ਕੋਹਲੀ ਪਰਿਵਾਰ ਦਾ ਵੱਡਾ ਰੋਲ : ਸਪੀਕਰ ਸੰਧਵਾਂ
ਪਟਿਆਲਾ, 9 ਜੁਲਾਈ :- ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪਿਤਾ ਤੇ ਸਾਬਕਾ ਮੰਤਰੀ ਸਵਰਗੀ ਸੁਰਜੀਤ ਸਿੰਘ ਕੋਹਲੀ ਦੀ ਪਹਿਲੀ ਬਰਸੀ ਮੌਕੇ ਅੱਜ ਵੱਖ-ਵੱਖ ਬੁਲਾਰਿਆਂ ਨੇ ਕੋਹਲੀ ਪਰਿਵਾਰ ਦੀ 58 ਸਾਲਾਂ ਦੀ ਪੰਥ, ਪੰਜਾਬ ਅਤੇ ਸਮਾਜ-ਸੇਵਾ ਸਮੇਤ ਪਟਿਆਲਾ ਸ਼ਹਿਰ ਨੂੰ ਦੇਣ ਦੀ ਸ਼ਲਾਘਾ ਕੀਤੀ। ਇਥੇ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਏ ਸਮਾਗਮ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਟਿਆਲਾ ਵਸੇ ਕੋਹਲੀ ਪਰਿਵਾਰ ਨੇ 3 ਪੀੜ੍ਹੀਆਂ ਤੋਂ ਲਗਾਤਾਰ 58 ਸਾਲ ਇੱਕੋ ਥਾਂ ’ਤੇ ਲੋਕ ਸੇਵਾ ਕਰ ਕੇ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਅਮਨ ਅਰੋੜਾ ਨੇ ਸੁਰਜੀਤ ਸਿੰਘ ਦੀ ਪਹਿਲੀ ਬਰਸੀ ਮੌਕੇ ਪੁੱਜੀ ਸਮੁੱਚੀ ਸੰਗਤ, ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਦਾ ਕੋਹਲੀ ਪਰਿਵਾਰ ਵੱਲੋਂ ਧੰਨਵਾਦ ਕਿਹਾ ਕਿ ਵਿਧਾਇਕ ਕੋਹਲੀ ਨੇ ਵੀ ਆਪਣੀ ਪਿਤਾ ਪੁਰਖੀ ਵਿਰਾਸਤ ਨੂੰ ਅੱਗੇ ਤੋਰਦਿਆਂ ਹਮੇਸ਼ਾ ਹੀ ਲੋਕਾਂ ਦੀ ਗੱਲ ਕੀਤੀ ਹੈ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਕਿਹਾ ਕਿ ਸਵਰਗੀ ਸੁਰਜੀਤ ਸਿੰਘ ਕੋਹਲੀ ਨੇ ਆਪਣੇ ਬੱਚਿਆਂ ਨੂੰ ਗੁਰੂ ਦੀ ਸਿੱਖਿਆ, ਸਮਾਜ ਦੀ ਭਲਾਈ ਤੇ ਲੋਕ ਸੇਵਾ ਦੇ ਦਰਸਾਏ ਰਸਤੇ ’ਤੇ ਚੱਲਣ ਦੀ ਚੰਗੀ ਸੇਧ ਦਿੱਤੀ ਸੀ, ਜਿਸ ’ਤੇ ਚੱਲਦਿਆਂ ਅਜੀਤਪਾਲ ਸਿੰਘ ਕੋਹਲੀ ਵੀ ਆਪਣੇ ਦਾਦਾ ਜੀ ਤੇ ਪਿਤਾ ਜੀ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਕੋਹਲੀ ਪਰਿਵਾਰ ਨੇ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਕਾਇਮ ਰੱਖਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਵਰਗੀ ਸਰਦਾਰਾ ਸਿੰਘ ਕੋਹਲੀ ਉਸ ਸਮੇਂ ਦੇ ਅਕਾਲੀ ਸਨ, ਜਦੋਂ ਦੇਸ਼ ਦੀ ਸਿਆਸਤ ’ਚ ਇਹ ਕਿਹਾ ਜਾਂਦਾ ਸੀ ਕਿ ਜੇਕਰ ਕਿਸੇ ਨੇ ਧਰਮੀ ਸਿਆਸਤ ਕਰਨੀ ਹੈ ਤਾਂ ਉਹ ਅਕਾਲੀ ਦਲ ਕੋਲੋਂ ਸਿੱਖੇ। ਉਨ੍ਹਾਂ ‘ਪੰਥ ਵਸੇ, ਮੈਂ ਉਜੜਾਂ’ ਵਾਲੀ ਸੋਚ ਉੱਪਰ ਪਹਿਰਾ ਦਿੱਤਾ। ਹੁਣ ਉਸੇ ਤਰ੍ਹਾਂ ਉਨ੍ਹਾਂ ਦੇ ਪੋਤਰੇ ਤੇ ਸਪੁੱਤਰ ਅਜੀਤਪਾਲ ਸਿੰਘ ਕੋਹਲੀ ਅਤੇ ਗੁਰਜੀਤ ਸਿੰਘ ਕੋਹਲੀ ਵੀ ਬਿਨ੍ਹਾਂ ਲਾਲਚ ਵਾਲੀ ਧਰਮੀ ਸਿਆਸਤ ਕਰ ਰਹੇ ਹਨ।
ਇਸ ਮੌਕੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ , ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕੋਹਲੀ ਪਰਿਵਾਰ ਨੇ ਨੈਤਿਕ ਕਦਰਾਂ-ਕੀਮਤਾਂ ਨਹੀਂ ਛੱਡੀਆਂ ਅਤੇ ਸਮਾਜ ਤੇ ਲੋਕਾਂ ਦੀ ਸੇਵਾ ਨੂੰ ਪ੍ਰਣਾਏ ਸਿਧਾਂਤਾਂ ’ਤੇ ਹਮੇਸ਼ਾ ਪਹਿਰਾ ਦਿੱਤਾ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਅਰਦਾਸ ਕੀਤੀ।
ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੋਂ ਇਲਾਵਾ ਸਮਾਗਮ ਵਿਖੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਚੇਅਰਮੈਨ ਡਾ. ਸੰਨੀ ਆਹਲੂਵਾਲੀਆ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਹਰਿਆਣਾ ਦੇ ਮੁੱਖ ਮੰਤਰੀ ਦੇ ਓ. ਐੱਸ. ਡੀ. ਡਾ. ਪ੍ਰਭਲੀਨ ਸਿੰਘ, ਕਰਨਵੀਰ ਸਿੰਘ ਟਿਵਾਣਾ, ਬੀਬੀ ਕੁਲਦੀਪ ਕੌਰ ਟੌਹੜਾ, ਸਤਵਿੰਦਰ ਸਿੰਘ ਟੌਹੜਾ, ਮਨਜੀਤ ਸਿੰਘ ਸਿੱਧੂ, ਪੰਮੀ ਬਾਈ, ਡੀ. ਆਈ. ਜੀ. ਡਾ. ਨਾਨਕ ਸਿੰਘ, ਸੁਰਜੀਤ ਸਿੰਘ ਅਬਲੋਵਾਲ, ਪਦਮਸ਼੍ਰੀ ਜਗਜੀਤ ਸਿੰਘ ਦਰਦੀ ਤੇ ਪ੍ਰਾਣ ਸੱਭਰਵਾਲ, ਬੁੱਢਾ ਦਲ 5ਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਲਬੀਰ ਸਿੰਘ 96 ਕਰੋੜੀ ਵੱਲੋਂ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਭੁਪਿੰਦਰ ਸਿੰਘ ਪਟਿਆਲਾ ਵਾਲੇ, ਹਿੰਦੂ ਤਖ਼ਤ ਵੱਲੋਂ ਬ੍ਰਹਮਾਨੰਦ ਗਿਰੀ, ਬਾਬਾ ਸਰਬਜੀਤ ਸਿੰਘ ਭੱਲਾ, ਗਿਆਨੀ ਸੁਖਦੇਵ ਸਿੰਘ ਸਮੇਤ ਸ਼ਹਿਰ ਦੇ ਕੌਂਸਲਰ, ਸਮਾਜਿਕ, ਰਾਜਸੀ ਤੇ ਧਾਰਮਿਕ ਸ਼ਖ਼ਸੀਅਤਾਂ ਵੀ ਪੁੱਜੀਆਂ।
Read More : ਨਦੀ ‘ਤੇ ਬਣਿਆ ਪੁੱਲ ਟੁੱਟਿਆ, ਅੱਧਾ ਦਰਜਨ ਵਾਹਨ ਡਿੱਗੇ