ਸ੍ਰੀ ਅਨੰਦਪੁਰ ਸਾਹਿਬ, 27 ਨਵੰਬਰ : 17 ਅਕਤੂਬਰ, 2025 ਤੋਂ ਇਤਿਹਾਸਕ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਆਰੰਭ ਮਹਾਨ ਜਾਗ੍ਰਿਤੀ ਯਾਤਰਾ ਦੇਸ਼ ਭਰ ਦੇ ਵੱਖ-ਵੱਖ ਅਸਥਾਨਾਂ ਤੋਂ ਪੜਾਅ ਵਾਰ ਹੁੰਦੀ ਹੋਈ ਸਥਾਨਕ ਇਤਿਹਾਸਕ ਅਸਥਾਨ ਗੁਰੂਦੁਆਰਾ ਸੀਸ ਗੰਜ ਸਾਹਿਬ/ਗੁਰਦੁਆਰਾ ਗੁਰੂ ਕੇ ਮਹਿਲ, ਭੋਰਾ ਸਾਹਿਬ ਵਿਖੇ ਪਹੁੰਚ ਕੇ ਸੰਪੰਨ ਹੋਈ।
ਸਮਾਪਤੀ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ । ਇਥੇ ਪਹੁੰਚੀ ਜਾਗ੍ਰਿਤੀ ਯਾਤਰਾ ਦਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਮੈਨੇਜਰ ਗੁਰਦੀਪ ਸਿੰਘ ਕੰਗ, ਵਧੀਕ ਮੈਨੇਜਰ ਹਰਦੇਵ ਸਿੰਘ ਅਤੇ ਵੱਡੀ ਗਿਣਤੀ ਹਾਜ਼ਰ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਯਾਤਰਾ ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ, ਮੀਤ ਜਥੇਦਾਰ ਸਿੰਘ ਸਾਹਿਬ, ਗਿਆਨੀ ਗੁਰਦਿਆਲ ਸਿੰਘ, ਸਿੰਘ ਸਾਹਿਬ ਗਿਆਨੀ ਦਲੀਪ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਟਰੱਸਟ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਜਰਨਲ ਸਕੱਤਰ ਇੰਦਰਜੀਤ ਸਿੰਘ, ਖੋਜਾਰਥੀ ਭਗਵਾਨ ਸਿੰਘ, ਟਰੱਸਟ ਦੇ ਮੁੱਖ ਬਾਲਰੇ ਹਰਪਾਲ ਸਿੰਘ ਜੋਹਲ, ਬਿਹਾਰ ਸਰਕਾਰ ਦੇ ਨੁਮਾਇੰਦੇ ਮਾਲਵਿੰਦਰ ਸਿੰਘ ਬੈਨੀਵਾਲ, ਇਤਿਹਾਸਕਾਰ ਸਿਮਰਨਜੀਤ ਸਿੰਘ, ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ, ਚਰਨਜੀਤ ਸਿੰਘ ਬਰਾੜ, ਸੁਰਜੀਤ ਸਿੰਘ ਚੈਹੜਮਜਾਰਾ ਆਦਿ ਵੀ ਯਾਤਰਾ ਦੇ ਸਵਾਗਤ ਲਈ ਉਚੇਚੇ ਤੌਰ ’ਤੇ ਪਹੁੰਚੇ ਹੋਏ ਸਨ।
ਜ਼ਿਕਰਯੋਗ ਹੈ ਕਿ ਇਸ ਯਾਤਰਾ ’ਚ ਭਾਈ ਮਤੀ ਦਾਸ ਜੀ ਦੀ 9ਵੀਂ ਵੰਸ਼ ਦੇ ਭਾਈ ਚਰਨਜੀਤ ਸਿੰਘ ਦੇ ਸੰਬੰਧੀ ਭਾਈ ਪਰਾਗਾ ਜੀ ਵਾਸੀ ਬਿਲਾਸਪੁਰ ਯੂ. ਪੀ., ਭਾਈ ਦਿਆਲਾ ਜੀ ਦੇ ਵੰਸਜ਼ ’ਚੋਂ ਭਾਈ ਚਰਨਜੀਤ ਸਿੰਘ ਵਾਸੀ ਕਠੂਆ ਜੰਮੂ ਕਸ਼ਮੀਰ ਆਦਿ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ, ਜਿਨ੍ਹਾਂ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗੁਰੂ ਸਾਹਿਬ ਜੀ ਦੀ ਬਖਸਿ਼ਸ਼ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਲਸ਼ਾਨੀ ਸ਼ਹਾਦਤ ਦੇ ਕੇ ਧਰਮ ਦੀ ਚਾਦਰ ਨੂੰ ਢੱਕਿਆ। ਇਹ ਯਾਤਰਾ ਦੇਸ਼ ਦੇ ਵੱਖ-ਵੱਖ 9 ਸੂਬਿਆਂ ’ਚ ਗੁਜ਼ਰੀ ਹੈ ਤੇ ਹਰ ਥਾਂ ਸੰਗਤਾਂ ਵੱਲੋਂ ਯਾਤਰਾ ਦਾ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ । ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਜਾਗ੍ਰਿਤੀ ਯਾਤਰਾ ਨੂੰ ਸਥਾਨਕ ਸਿੱਖ ਮਿਸ਼ਨਰੀ ਕਾਲਜ ਦੇ ਸਿਖਿਆਰਥੀਆਂ ਵੱਲੋਂ ਸਲਾਮੀ ਦਿੱਤੀ ਗਈ।
Read More : ਪਿੰਡ ਪੁੰਨਾਵਾਲ ਦੀ 1.50 ਕਰੋੜ ਰੁਪਏ ਨਾਲ ਬਦਲੀ ਨੁਹਾਰ
