ਐਡਵੋਕੇਟ ਧਾਮੀ ਅਤੇ ਜਥੇਦਾਰ ਸਾਹਿਬ ਨੂੰ ਦਿੱਤਾ ਵਿਸ਼ੇਸ਼ ਸੱਦਾ
ਅੰਮ੍ਰਿਤਸਰ, 8 ਅਪ੍ਰੈਲ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਈਰਾਨ ਦੇ ਸੁਪਰੀਮ ਲੀਡਰ ਦੇ ਦਫ਼ਤਰ ਨਾਲ ਸਬੰਧਤ ਇੱਕ ਉੱਚ ਪੱਧਰੀ ਵਫ਼ਦ ਨਤਮਸਤਕ ਹੋਇਆ। ਇਸ ਦੌਰਾਨ ਵਫ਼ਦ ਦੇ ਮੈਂਬਰ ਡਾ. ਮੁਹੰਮਦ ਹੁਸੈਨ ਜ਼ਿਵਾਂਦ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ।
ਮੱਥਾ ਟੇਕਣ ਉਪਰੰਤ ਵਫ਼ਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਲੀ ਵਿੱਚ ਹੋਣ ਵਾਲੇ ਇੱਕ ਵਿਸ਼ੇਸ਼ ਸਮਾਗਮ ਲਈ ਸੱਦਾ ਪੱਤਰ ਸੌਂਪਿਆ।
ਡਾ. ਜ਼ਿਵਾਂਦ ਨੇ ਜਾਣਕਾਰੀ ਦਿੱਤੀ ਕਿ 12 ਅਪ੍ਰੈਲ ਨੂੰ ਦਿੱਲੀ ਸਥਿਤ ‘ਈਰਾਨ ਕਲਚਰ ਹਾਊਸ’ ਵਿਖੇ ਈਰਾਨ ਦੇ ਰਹਿਬਰ ਹਜ਼ਰਤ ਆਇਤੁੱਲਾ ਅਲ-ਉਜ਼ਮਾ ਸੱਯਦ ਅਲੀ ਖ਼ਾਮੇਨੇਈ ਦੀ ਸ਼ਹਾਦਤ ਦੀ ਯਾਦ ਵਿੱਚ 40ਵੇਂ ਦਿਨ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਅਤੇ ਇਸਲਾਮ ਵਿੱਚ ‘ਸ਼ਹਾਦਤ’ ਦਾ ਸੰਕਲਪ ਬਹੁਤ ਡੂੰਘਾ ਤੇ ਸਾਂਝਾ ਹੈ, ਕਿਉਂਕਿ ਦੋਵੇਂ ਧਰਮ ਮੰਨਦੇ ਹਨ ਕਿ ਸ਼ਹੀਦ ਹਮੇਸ਼ਾ ਅਮਰ ਰਹਿੰਦਾ ਹੈ।
ਇਸ ਮੌਕੇ ਡਾ. ਜ਼ਿਵਾਂਦ ਨੇ ਪੰਜਾਬ ਵਿਧਾਨ ਸਭਾ ਵੱਲੋਂ ਈਰਾਨ ਦੇ ਹੱਕ ਵਿੱਚ ਪਾਸ ਕੀਤੇ ਗਏ ਮਤੇ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਰਤ ਅਤੇ ਈਰਾਨ ਦੇ 5,000 ਸਾਲ ਪੁਰਾਣੇ ਇਤਿਹਾਸਕ ਤੇ ਸੱਭਿਆਚਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਸਾਂਝਾਂ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।
Read More : ਬੀਬੀ ਪਰਮਜੀਤ ਕੌਰ ਲਾਂਡਰਾਂ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ
