ਸਰਕਾਰ ਨੂੰ ਪਹੁੰਚਾਇਆ ਸੀ 2.20 ਕਰੋੜ ਰੁਪਏ ਦਾ ਵਿੱਤੀ ਨੁਕਸਾਨ; ਅਦਾਲਤ ਨੇ ਸੁਣਾਇਆ ਸਖ਼ਤ ਫੈਸਲਾ
ਮੋਹਾਲੀ, 24 ਫਰਵਰੀ : ਸਰਕਾਰੀ ਚੌਲਾਂ ਦੀਆਂ ਬੋਰੀਆਂ ਨੂੰ ਸਰਕਾਰ ਨੂੰ ਜਮ੍ਹਾ ਕਰਵਾਉਣ ਦੀ ਬਜਾਏ ਬਾਹਰ ਵੇਚ ਕੇ ਪੰਜਾਬ ਸਰਕਾਰ ਨੂੰ 2 ਕਰੋੜ 20 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਮੋਹਾਲੀ ਦੀ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਤਤਕਾਲੀ ਫੂਡ ਸਪਲਾਈ ਇੰਸਪੈਕਟਰ ਕੁਲਦੀਪ ਸਿੰਘ ਅਤੇ ਗੋਦਾਮ ਚਲਾਉਣ ਵਾਲੇ ਓਮ ਪ੍ਰਕਾਸ਼ ਨੂੰ 5-5 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਸਜ਼ਾ ਦੇ ਨਾਲ-ਨਾਲ ਤਤਕਾਲੀ ਇੰਸਪੈਕਟਰ ਕੁਲਦੀਪ ਸਿੰਘ ਨੂੰ 42 ਹਜ਼ਾਰ ਰੁਪਏ ਅਤੇ ਓਮ ਪ੍ਰਕਾਸ਼ ਨੂੰ 22 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਸਰਕਾਰੀ ਪੱਖ ਦੀ ਪੈਰਵਾਈ ਕਰਦਿਆਂ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲਿਆ ਗਿਆ ਹੈ।
ਇਹ ਮਾਮਲਾ ਸਾਲ 2005-06 ਦਾ ਹੈ। ਖੰਨਾ ਦੀ ‘ਮੈਸਰਜ਼ ਜੋਤੀ ਰਾਈਸ ਮਿੱਲ’ ਦੀ ਚੈਕਿੰਗ ਦੌਰਾਨ ਪਤਾ ਲੱਗਾ ਕਿ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਵੱਲੋਂ ਸਟੋਰ ਕੀਤੀ ਗਈ ਪੈਡੀ (ਝੋਨੇ) ਵਿੱਚ ਵੱਡੀ ਹੇਰਾਫੇਰੀ ਕੀਤੀ ਗਈ ਹੈ। ਮਿੱਲ ਵਿੱਚ ਕੁੱਲ 2,66,131 ਬੋਰੀਆਂ ਪੈਡੀ ਸਟੋਰ ਸੀ। ਮਿੱਲ ਵੱਲੋਂ ਸਿਰਫ਼ 1,34,739 ਬੋਰੀਆਂ ਦਾ ਚੌਲ ਹੀ ਵਿਭਾਗ ਨੂੰ ਦਿੱਤਾ ਗਿਆ। ਬਾਕੀ ਰਹਿੰਦੀਆਂ 83,460 ਬੋਰੀਆਂ ਪੈਡੀ ਦਾ ਚੌਲ, ਜਿਸਦੀ ਕੀਮਤ ਤਕਰੀਬਨ 2.20 ਕਰੋੜ ਰੁਪਏ ਬਣਦੀ ਸੀ, ਸਰਕਾਰ ਨੂੰ ਨਹੀਂ ਦਿੱਤਾ ਗਿਆ।
ਜਾਂਚ ਵਿੱਚ ਸਾਹਮਣੇ ਆਇਆ ਕਿ ਇੰਸਪੈਕਟਰ ਕੁਲਦੀਪ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਓਮ ਪ੍ਰਕਾਸ਼ ਨਾਲ ਮਿਲੀਭੁਗਤ ਕੀਤੀ ਅਤੇ ਇਹ ਚੌਲ ਬਾਹਰ ਕਿਸੇ ਹੋਰ ਨੂੰ ਵੇਚ ਕੇ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਇਆ। ਅਦਾਲਤ ਨੇ ਇਸ ਧੋਖਾਧੜੀ ਨੂੰ ਗੰਭੀਰ ਮੰਨਦਿਆਂ ਦੋਵਾਂ ਮੁਲਜ਼ਮਾਂ ਨੂੰ ਸਜ਼ਾ ਦੇ ਹੁਕਮ ਦਿੱਤੇ ਹਨ।
Read More : ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟਾਂ ਦੀ ਕੀਤੀ ਮੰਗ
