ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਸਰਕਾਰ ਵੱਲੋਂ ਝੋਨਾ ਛੱਡ ਕੇ ਮੱਕੀ ਬੀਜਣ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਚੰਡੀਗੜ੍ਹ, 24 ਦਸੰਬਰ : ਸੂਬੇ ਵਿੱਚ ਸਾਉਣੀ ਦੀ ਮੱਕੀ ਦੇ ਪਾਇਲਟ ਪ੍ਰੋਜੈਕਟ ਦੀ ਸਫਲਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਉਨ੍ਹਾਂ ਅਗਾਂਹਵਧੂ ਮੱਕੀ ਕਾਸ਼ਤਕਾਰਾਂ ਦਾ ਸਨਮਾਨ ਕੀਤਾ, ਜਿਨ੍ਹਾਂ ਨੇ ਪਾਣੀ ਦੀ ਜ਼ਿਆਦਾ ਖਪਤ ਵਾਲੇ ਝੋਨੇ ਦੀ ਫਸਲ ਦੀ ਥਾਂ ਸਾਉਣੀ ਦੀ ਮੱਕੀ ਦੀ ਖੇਤੀ ਵੱਲ ਰੁਖ਼ ਕੀਤਾ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅਗਾਂਹਵਧੂ ਮੱਕੀ ਕਾਸ਼ਤਕਾਰਾਂ ਨੂੰ ਪ੍ਰਸੰਸਾ ਸਰਟੀਫਿਕੇਟ ਦਿੱਤੇ ਅਤੇ ਉਨ੍ਹਾਂ ਨੂੰ ਪ੍ਰੇਰਿਆ ਕਿ ਉਹ ਹੋਰ ਕਿਸਾਨਾਂ ਨੂੰ ਵੀ ਸਾਉਣੀ ਦੀ ਮੱਕੀ ਦੀ ਕਾਸ਼ਤ ਲਈ ਜਾਗਰੂਕ ਕਰਨ।

ਉਨ੍ਹਾਂ ਕਿਹਾ ਕਿ ਸਾਉਣੀ ਦੀ ਮੱਕੀ ਪਾਇਲਟ ਪ੍ਰੋਜੈਕਟ, ਜਿਸਦਾ ਉਦੇਸ਼ ਫਸਲੀ ਵਿਭਿੰਨਤਾ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣਾ, ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨਾ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਸਰਕਾਰ ਅਗਲੇ ਸੀਜ਼ਨ ਲਈ ਇਸ ਪ੍ਰੋਗਰਾਮ ਦੇ ਵਿਸਥਾਰ ’ਤੇ ਵਿਚਾਰ ਕਰ ਰਹੀ ਹੈ ਤਾਂ ਜੋ ਹੋਰ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਵਰਤੋਂ ਵਾਲੇ ਝੋਨੇ ਦੀ ਫਸਲ ਤੋਂ ਮੋੜ ਕੇ ਮੱਕੀ ਦੀ ਖੇਤੀ ਵੱਲ ਰੁਖ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਮੱਕੀ ਦੀ ਖੇਤੀ ਨੂੰ ਇੱਕ ਟਿਕਾਊ ਵਿਕਲਪ ਅਤੇ ਝੋਨੇ ਨਾਲੋਂ ਬਹੁਤ ਘੱਟ ਪਾਣੀ ਦੀ ਲੋੜ ਵਾਲੀ ਫ਼ਸਲ ਵਜੋਂ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਉਦਯੋਗ ਜਗਤ ਦੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਕੇ ਰਣਨੀਤਕ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜਿਸਦਾ ਉਦੇਸ਼ ਪੰਜਾਬ ਨੂੰ ਮੱਕੀ ਦੇ ਉਤਪਾਦਨ ਵਿੱਚ ਮੋਹਰੀ ਸੂਬੇ ਵਜੋਂ ਸਥਾਪਤ ਕਰਨਾ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਤਹਿਤ ਇਸ ਸਾਲ ਬਠਿੰਡਾ, ਸੰਗਰੂਰ, ਗੁਰਦਾਸਪੁਰ, ਜਲੰਧਰ, ਕਪੂਰਥਲਾ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਮੱਕੀ ਨੂੰ ਝੋਨੇ ਦੇ ਲਾਭਦਾਇਕ ਅਤੇ ਟਿਕਾਊ ਵਿਕਲਪ ਵਜੋਂ ਪੇਸ਼ ਕੀਤਾ ਗਿਆ। 3,708 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਇਸ ਪਾਇਲਟ ਪ੍ਰੋਜੈਕਟ ਤਹਿਤ 11,326 ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠ ਸਫਲਤਾਪੂਰਵਕ ਲਿਆਂਦਾ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸਾਉਣੀ ਦੀ ਮੱਕੀ ਪਾਇਲਟ ਪ੍ਰੋਜੈਕਟ ਇੱਕ ਮਜ਼ਬੂਤ ਪੰਜ-ਥੰਮ੍ਹੀ ਪ੍ਰਣਾਲੀ ਦੁਆਰਾ ਸਫਲ ਕੀਤਾ ਗਿਆ। ਇਸ ਤੋਂ ਇਲਾਵਾ, ਪੀਏਯੂ ਦੇ ਮਾਹਰਾਂ ਨੇ ਅਤਿ-ਆਧੁਨਿਕ ਤਕਨੀਕੀ ਮਾਰਗਦਰਸ਼ਨ ਦੇ ਨਾਲ ਵਿਗਿਆਨਕ ਸਹਾਇਤਾ ਵੀ ਦਿੱਤੀ, ਜਦੋਂਕਿ ਮਾਰਕਫੈੱਡ ਦੁਆਰਾ ਕਿਸਾਨਾਂ ਲਈ ਮੱਕੀ ਦੀਆਂ ਲਾਹੇਵੰਦ ਕੀਮਤਾਂ ਯਕੀਨੀ ਬਣਾਉਣ ਲਈ ਮੰਡੀਕਰਨ ਦਾ ਭਰੋਸਾ ਵੀ ਦਿੱਤਾ ਗਿਆ।

ਖੇਤੀਬਾੜੀ ਮੰਤਰੀ ਨੇ ਮੱਕੀ ਕਾਸ਼ਤਕਾਰਾਂ ਨਾਲ ਉਨ੍ਹਾਂ ਦੇ ਤਜਰਬੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਜਾਨਣ ਲਈ ਗੱਲਬਾਤ ਵੀ ਕੀਤੀ। ਖੇਤੀਬਾੜੀ ਵਿਭਾਗ ਦੇ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਇਸ ਪਾਇਲਟ ਪ੍ਰੋਜੈਕਟ ਨੇ ਸਾਨੂੰ ਇੱਕ ਪ੍ਰਮਾਣਿਤ ਬਲੂਪ੍ਰਿੰਟ ਦਿੱਤਾ ਹੈ।

ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਾਮਵੀਰ, ਪੀ.ਏ.ਯੂ. ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਪੀ.ਡੀ.ਸੀ. ਮੈਂਬਰ ਸ੍ਰੀ ਸ਼ੌਕਤ ਰਾਏ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਤੇ ਖੇਤੀਬਾੜੀ ਵਿਭਾਗ, ਪੰਜਾਬ ਐਗਰੋ, ਮਾਰਕਫੈੱਡ ਅਤੇ ਪਨਸੀਡ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Read More : ਫਤਹਿਗੜ੍ਹ ਸਾਹਿਬ ਸ਼ਹੀਦੀ ਸਭਾ ਵਿਚ ਸੰਗਤਾਂ ਦੀ ਸਹੂਲਤ ਲਈ 3400 ਪੁਲਿਸ ਮੁਲਾਜ਼ਮ, 22 ਪਾਰਕਿੰਗ ਸਥਾਨ

Leave a Reply

Your email address will not be published. Required fields are marked *