ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਸਮਾਂਬੱਧ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਦੀਆਂ ਟੁੱਟੀਆਂ ਸੜਕਾਂ ਤੇ ਪਾਰਕਾਂ ’ਚ ਗੰਦਗੀ ਦਾ ਲਿਆ ਗੰਭੀਰ ਨੋਟਿਸ
ਪਟਿਆਲਾ, 2 ਅਗਸਤ :-ਪਟਿਆਲਾ ਦੇ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਨਣ ’ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫ਼ੇਜ਼ 1, 2 ਅਤੇ 3 ਦਾ ਪੈਦਲ ਨਿਰੀਖਣ ਕਰ ਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ, ਇਸ ਲਈ ਉਹ ਨਿਰੰਤਰ ਪੀ. ਡੀ. ਏ. ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ। ਸਵੇਰੇ 9 ਵਜੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਪੁੱਜੇ ਡਾ. ਬਲਬੀਰ ਸਿੰਘ ਨੇ ਵਰਧਮਾਨ ਹਸਪਤਾਲ ਵਾਲੀ ਮਾਰਕੀਟ ਦਾ ਨਿਰੀਖਣ ਕਰਦਿਆਂ ਅਟਵਾਲ ਫਿÇਲੰਗ ਸਟੇਸ਼ਨ ਦੇ ਪਿੱਛੇ ਟੁੱਟੀ ਸੜਕਾਂ ਦੀ ਮੁਰੰਮਤ ਅਤੇ ਨਾਲ ਲਗਦੇ ਪਾਰਕ ਦੀ ਸਫ਼ਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਅਰਬਨ ਅਸਟੇਟ ਫ਼ੇਜ਼ 2 ਵਿੱਚ ਥਾਂ-ਥਾਂ ਤੋਂ ਦੱਬੀਆਂ ਅਤੇ ਟੁੱਟੀਆਂ ਸੜਕਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਬਰਸਾਤਾਂ ਤੋਂ ਤੁਰੰਤ ਬਾਅਦ ਇਨ੍ਹਾਂ ਸੜਕਾਂ ਦੀ ਰਿਪੇਅਰ ਯਕੀਨੀ ਬਣਾਈ ਜਾਵੇ। ਉਨ੍ਹਾਂ ਫ਼ੇਜ਼ 2 ਵਿਖੇ ਸਕੂਲ ਲਈ ਰਾਖਵੀਂ ਥਾਂ ’ਤੇ ਪਈ ਗੰਦਗੀ ਦੀ ਤੁਰੰਤ ਸਫ਼ਾਈ ਤੇ ਬਾਈਪਾਸ ਰੋਡ ਨਾਲ ਜੰਗਲਾਤ ਦੀ ਪਈ ਜਗ੍ਹਾ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ।
ਅਰਬਨ ਅਸਟੇਟ ਫ਼ੇਜ਼ 3 ਦੇ ਵਸਨੀਕਾਂ ਵਲੋਂ ਪੁੱਡਾ ਵਲੋਂ ਵਿਕਸਤ ਕੀਤੀ ਜਾ ਰਹੀ ਪਟਿਆਲਾ-ਰਾਜਪੁਰਾ ਰੋਡ ’ਤੇ ਕਮਰਸ਼ੀਅਲ ਸਾਈਟ ਤੋਂ ਪਹਿਲਾਂ ਰਿਹਾਇਸ਼ੀ ਖੇਤਰ ਦੀ ਸੁਰੱਖਿਆ ਲਈ ਫ਼ੇਜ਼ 3 ਦੇ ਸਾਹਮਣੇ ਕੰਧ ਬਣਾਉਣ ਦੀ ਮੰਗ ਰੱਖੀ, ਜਿਸ ’ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਥਾਨਕ ਵਸਨੀਕਾਂ ਦੀ ਸੁਰੱਖਿਆ ਲਈ ਜੋ ਵੀ ਢੁਕਵੇਂ ਕਦਮ ਉਠਾਉਣ ਦੀ ਜ਼ਰੂਰਤ ਹੈ, ਉਹ ਤੁਰੰਤ ਉਠਾਏ ਜਾਣ ਤਾਂ ਜੋ ਇਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਦੇ ਸਾਰੇ ਰਿਹਾਇਸ਼ੀ ਖੇਤਰਾਂ, ਪਾਰਕਾਂ, ਮਾਰਕਿਟ ਤੇ ਈ.ਡਬਲਿਊ.ਐਸ. ਖੇਤਰ ਦਾ ਨਿਰੀਖਣ ਕਰਦਿਆਂ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ’ਤੇ ਜਾ ਕੇ ਸੁਣਦਿਆਂ ਕਿਹਾ ਕਿ ਪੀ.ਡੀ.ਏ. ਅਧੀਨ ਪੈਂਦੇ ਇਸ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਨਿਕਾਸੀ, ਪਾਰਕਾਂ ਦੀ ਸਾਂਭ ਸੰਭਾਲ, ਸੀਵਰੇਜ, ਸੁਰੱਖਿਆ ਸਮੇਤ ਸਫ਼ਾਈ ਵਰਗੀ ਹਰੇਕ ਬੁਨਿਆਂਦੀ ਸਹੂਲਤ ਸਬੰਧੀ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਇਕ ਹਫ਼ਤੇ ਵਿਚ ਪੂਰੀ ਰਿਪੋਰਟ ਤਿਆਰ ਕਰਨ ਅਤੇ ਸਾਰੇ ਕੀਤੇ ਜਾਣ ਵਾਲੇ ਕੰਮਾਂ ਨੂੰ ਸਮਾਂਬੱਧ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਜ ਦੇ ਨਿਰੀਖਣ ਦੌਰਾਨ ਅਰਬਨ ਅਸਟੇਟ ਦੇ ਹਰੇਕ ਖੇਤਰ ਜਿਥੇ ਸਮੱਸਿਆ ਹੈ ਉਸ ਦੀ ਜੀਓ ਟੈਗਿੰਗ ਕਰਕੇ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤੇ ਅਗਲੀ ਵਾਰ ਇਨ੍ਹਾਂ ਸਾਰੀਆਂ ਥਾਵਾਂ ’ਤੇ ਹੋਏ ਕੰਮ ਦਾ ਜਾਇਜ਼ਾ ਲਿਆ ਜਾਵੇਗਾ।
ਇਸ ਮੌਕੇ ਜ਼ਿਲਾ ਮੀਡੀਆ ਸਕੱਤਰ ਪਟਿਆਲਾ ਗੱਜਣ ਸਿੰਘ, ਸੁਰੇਸ਼ ਰਾਏ, ਮੌਂਟੀ ਘੁੰਮਣ, ਸੁਰੇਸ਼ ਮੋਦਗਿਲ, ਡੀ.ਐਸ. ਗਿੱਲ, ਰਣਜੀਤ ਸਿੰਘ, ਐੱਮ.ਸੀ ਕੁਲਵੰਤ ਸਿੰਘ ਲਾਲਕਾ, ਕੁਮਕੁਮ ਬਜਾਜ, ਐਡਵੋਕੇਟ ਯੁਵਰਾਜ ਸਿੰਘ, ਪੀ.ਕੇ. ਸਿੰਗਲਾ, ਸਾਗਰ ਤਿਆਗੀ, ਜੇ.ਪੀ. ਸਿੰਘ, ਐਡਵੋਕੇਟ ਜੀਤ ਸਿੰਘ, ਧਨਵੰਤ ਸਿੰਘ, ਜਨਕ ਰਾਜ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਡਿੰਪਲ ਸ਼ਰਮਾ, ਨਵਦੀਪ ਸਿੰਘ, ਅਰਸ਼ਦੀਪ ਸਿੰਘ, ਵੀ ਮੌਜੂਦ ਸਨ।