ਕਿਹਾ-ਆਪਣੀ ਆਗੂ ਨੂੰ ਬਚਾਉਣ ਲਈ ਸਰਕਾਰ ਨੇ ਕੀਤੀ ਪੁਲਸ ਦੀ ਵਰਤੋਂ
ਚੰਡੀਗੜ੍ਹ, 17 ਜਨਵਰੀ : ਦਿੱਲੀ ਵਿਧਾਨ ਸਭਾ ਵੱਲੋਂ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੀ ਵੀਡੀਓ ਦੀ ਕਰਵਾਈ ਗਈ ਜਾਂਚ ਦੇ ਨਤੀਜੇ ਨੇ ਸਿੱਧ ਕਰ ਦਿੱਤਾ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਸੀ ਸਗੋਂ ਪੰਜਾਬ ਸਰਕਾਰ ਨੇ ਤਾਂ ਇਸ ਸਬੰਧੀ ਕਰਵਾਈ ਜਾਂਚ ਰਿਪੋਰਟ ਨਾਲ ਹੀ ਛੇੜਛਾੜ ਕਰ ਦਿੱਤੀ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ।
ਉਨ੍ਹਾਂ ਕਿਹਾ ਕਿ ਦਿੱਲੀ ਵਿਧਾਨ ਸਭਾ ਵੱਲੋਂ ਫਾਰੈਂਸਿਕ ਜਾਂਚ ਕਰਵਾਏ ਜਾਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਸਪੱਸ਼ਟ ਕੀਤਾ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਸੀ।। ਇਹ ਤੱਥ ਉਜਾਗਰ ਹੋਣ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਕਰਵਾਈ ਫਾਰੈਂਸਿਕ ਜਾਂਚ ਆਪਣੇ ਆਪ ਸ਼ੱਕ ਦੇ ਦਾਇਰੇ ’ਚ ਆ ਗਈ ਹੈ ਕਿਉਂਕਿ ਪੰਜਾਬ ਪੁਲਸ ਨੇ ਵੀਡੀਓ ਨਾਲ ਛੇੜਛਾੜ ਦੀ ਗੱਲ ਆਖੀ ਸੀ।
ਉਨ੍ਹਾਂ ਕਿਹਾ ਕਿ ਸਾਡੀਆਂ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ’ਤੇ ਜਿਸ ਤਰ੍ਹਾਂ ਦੀ ਭੂਮਿਕਾ ਪੰਜਾਬ ਸਰਕਾਰ ਨੇ ਆਪਣੀ ਆਗੂ ਨੂੰ ਬਚਾਉਣ ਲਈ ਨਿਭਾਈ ਹੈ, ਉਹ ਅਤਿ ਨਿੰਦਣਯੋਗ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਪੁਲਸ ਦੀ ਵਰਤੋਂ ਆਪਣੇ ਆਗੂਆਂ ਨੂੰ ਬਚਾਉਣ ਤੇ ਵਿਰੋਧੀਆਂ ਨੂੰ ਦਬਾਉਣ ਲਈ ਕਰਦੀ ਹੈ।
ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਸੀ.ਬੀ.ਆਈ. ਤੋਂ ਇਸ ਪੂਰੇ ਮਾਮਲੇ ਦੀ ਅਗਲੇਰੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ। ਆਤਿਸ਼ੀ ਵੱਲੋਂ ਵਿਧਾਨ ਸਭਾ ’ਚ ਦਿੱਤਾ ਗਿਆ ਬਿਆਨ ਸਿੱਖ ਭਾਵਨਾਵਾਂ ਨਾਲ ਖਿਲਵਾੜ ਸੀ ਤੇ ਇਸ ਪਾਰਟੀ ਦੇ ਆਗੂਆਂ ਦੀ ਨੀਵੀਂ ਸੋਚ ਦਾ ਪ੍ਰਤੀਕ ਸੀ।
Read More : ਮਾਨ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ : ਕੁਲਵੰਤ ਸਿੰਘ
