ludhiana

ਨਵਜੰਮੇ ਬੱਚੇ ਦਾ 2 ਲੱਖ ’ਚ ਸੌਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫ਼ਤਾਰ

ਲੁਧਿਆਣਾ ਪੁਲਸ ਨੇ ਬੱਚੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਨਾਕਾਮ; 3 ਮੁਲਜ਼ਮਾਂ ਦੀ ਭਾਲ ਜਾਰੀ

ਲੁਧਿਆਣਾ, 16 ਫਰਵਰੀ: ਨਵਜੰਮੇ ਬੱਚੇ ਨੂੰ ਵੇਚਣ ਲਈ ਸੌਦੇਬਾਜ਼ੀ ਕਰ ਰਹੇ ਇਕ ਮਹਿਲਾ ਡਾਕਟਰ ਸਮੇਤ 5 ਲੋਕਾਂ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਨੀਤਾ ਦੇਵੀ, ਪ੍ਰਵੀਨ, ਡਾਕਟਰ ਮਨਮੀਤ ਕੌਰ, ਰੁਚੀ ਅਤੇ ਮਨਦੀਪ ਕੌਰ ਵਜੋਂ ਹੋਈ ਹੈ, ਜਦਕਿ ਉਨ੍ਹਾਂ ਦੇ ਸਾਥੀ ਆਸ਼ਾ, ਗੁਰਮੀਤ ਕੌਰ ਅਤੇ ਪੰਮਾ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਐਤਵਾਰ ਦੇਰ ਰਾਤ ਬਾਬਾ ਥਾਣ ਸਿੰਘ ਚੌਕ ’ਚ ਲੋਕਾਂ ਨੇ ਬੱਚੇ ਸਮੇਤ ਇਕ ਔਰਤ ਨੂੰ ਸ਼ੱਕੀ ਹਾਲਤ ’ਚ ਦੇਖਿਆ ਸੀ। ਬੱਚਾ ਲਗਾਤਾਰ ਰੋ ਰਿਹਾ ਸੀ ਅਤੇ ਔਰਤ ਉਸ ਨੂੰ ਚੁੱਪ ਕਰਵਾਉਣ ’ਚ ਅਸਮਰੱਥ ਸੀ। ਜਦੋਂ ਲੋਕਾਂ ਨੇ ਸਵਾਲ ਕੀਤੇ ਤਾਂ ਉਹ ਵਾਰ-ਵਾਰ ਬਿਆਨ ਬਦਲਣ ਲੱਗੀ, ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ।

ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ 14 ਫਰਵਰੀ ਨੂੰ ਅਰੋੜਾ ਨਰਸਿੰਗ ਹੋਮ ’ਚ ਸੁਨੀਤਾ ਦੇਵੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਬੱਚੀ ਦਾ ਸੌਦਾ ਮਨਦੀਪ ਕੌਰ ਨਾਲ 2 ਲੱਖ 10 ਹਜ਼ਾਰ ਰੁਪਏ ’ਚ ਤੈਅ ਕੀਤਾ ਸੀ। ਉਹ ਬੱਚੀ ਨੂੰ ਸੌਂਪਣ ਲਈ ਗੁਰਦੁਆਰਾ 6ਵੀਂ ਪਾਤਸ਼ਾਹੀ ਨੇੜੇ ਪਾਰਕ ’ਚ ਇਕੱਠੇ ਹੋਏ ਸਨ, ਜਿੱਥੇ ਪੁਲਸ ਨੇ ਛਾਪਾ ਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਜਾਂਚ ਅਧਿਕਾਰੀ ਅਨੁਸਾਰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਗਿਰੋਹ ਨੇ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

Read More : ਕੈਬਨਿਟ ਮੰਤਰੀ ’ਤੇ ਟਿੱਪਣੀ ਮਾਮਲਾ : ਪ੍ਰਤਾਪ ਬਾਜਵਾ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ

Leave a Reply

Your email address will not be published. Required fields are marked *