ਸਾਲ 1988 ਤੋਂ ਅਧੂਰੀ ਸੀ ਮੰਗ, ਕੈਬਨਿਟ ਮੰਤਰੀ ਨੂੰ ਲੱਡੂਆਂ ਨਾਲ ਤੋਲਿਆ
ਦਿੜ੍ਹਬਾ, 28 ਦਸੰਬਰ :ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਵਿੱਚ ਸਾਦੇ ਸਮਾਗਮ ਦੌਰਾਨ ਪਿੰਡ ਦੇ 96 ਐੱਸ.ਸੀ. ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਹੱਕ ਦੀਆਂ ਸਨਦਾਂ ਸੌਂਪੀਆਂ। ਇਸ ਮਹੱਤਵਪੂਰਨ ਮੌਕੇ ‘ਤੇ ਸ.ਚੀਮਾ ਨੇ ਕਿਹਾ ਕਿ 96 ਪਰਿਵਾਰਾਂ ਨੂੰ ਮਾਲਕਾਨਾ ਹੱਕ ਮਿਲਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਤੇ ਇਹ ਪਰਿਵਾਰ ਹੁਣ ਆਪਣੇ ਸੁਪਨੇ ਦੇ ਘਰ, ਸ਼ਾਨਦਾਰ ਤਰੀਕੇ ਨਾਲ ਤਿਆਰ ਕਰ ਸਕਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਸਲਾ 1988 ਤੋਂ ਲਗਾਤਾਰ ਚੱਲਦਾ ਆ ਰਿਹਾ ਸੀ ਅਤੇ 37 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਾਫ ਨੀਅਤ ਅਤੇ ਲੋਕ ਪੱਖੀ ਸੋਚ ਸਦਕਾ ਇਹ ਮਸਲਾ ਹੱਲ ਹੋਇਆ ਹੈ। ਵਿੱਤ ਮੰਤਰੀ ਨੇ ਵੱਖ-ਵੱਖ ਅਹੁਦੇਦਾਰਾਂ ਅਤੇ ਅਧਿਕਾਰੀਆਂ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਸਦਕਾ ਹੀ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਹੈ।
ਚੀਮਾ ਨੇ ਕਿਹਾ ਕਿ ਹਰ ਪਰਿਵਾਰ ਲਈ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਖਡਿਆਲ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਸਾਰੇ ਵਿਕਾਸ ਕਾਰਜ ਮੁਕੰਮਲ ਹੋ ਜਾਣਗੇ। ਪਿੰਡ ਵਿੱਚ ਗ੍ਰਿਡ ਦੀ ਸਥਾਪਨਾ ਹੋ ਚੁੱਕੀ ਹੈ, ਜੋ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ।
ਇਸ ਮੌਕੇ ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਐੱਸ.ਸੀ. ਪਰਿਵਾਰਾਂ ਲਈ ਦੋ ਹੋਰ ਵੱਡੀਆਂ ਸਕੀਮਾਂ ਬਹੁਤ ਜਲਦ ਜਾਰੀ ਕਰਨ ਦੀ ਤਿਆਰੀ ਹੈ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਲਾਭ ਮਿਲੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਢਾਂਚੇ ਦੀ ਕੀਤੀ ਕਾਇਆ ਕਲਪ ਸਦਕਾ ਦੇਸ਼ ਦੀ ਉੱਚ ਪੱਧਰੀ ਸੰਸਥਾ ਆਈ.ਆਈ.ਟੀ. ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 47 ਵਿਦਿਆਰਥੀਆਂ ਨੂੰ ਦਾਖਲਾ ਮਿਲਣਾ ਪੰਜਾਬ ਲਈ ਮਾਣ ਦੀ ਗੱਲ ਹੈ, ਜੋ ਸਿੱਖਿਆ ਖੇਤਰ ਵਿੱਚ ਸਰਕਾਰ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਮੈਰਿਟ ਦੇ ਅਧਾਰ ‘ਤੇ ਦੇ ਰਹੀ ਹੈ ਅਤੇ ਸੜਕਾਂ ਸਮੇਤ ਹੋਰ ਢਾਂਚਾਗਤ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹ ਖੁਦ ਹਰ ਕੰਮ ਦੀ ਪੈਰਵਾਈ ਕਰਦੇ ਹਨ ਤਾਂ ਕਿ ਕਿਸੇ ਵੀ ਕਾਰਜ ਵਿੱਚ ਰੁਕਾਵਟ ਨਾ ਆਵੇ। ਪਿੰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ।
Read More : ਪੁਲਸ ਨੇ ਨਸ਼ਾ ਸਮੱਗਲਰ ਦੀ ਜਾਇਦਾਦ ਕੀਤੀ ਫ੍ਰੀਜ਼
