ਦਰਜਨ ਭਰ ਨੌਜਵਾਨਾਂ ਨੇ ਜੀਜਾ-ਸਾਲਿਆਂ ਨੂੰ ਹਥਿਆਰਾਂ ਨਾਲ ਕੀਤਾ ਜ਼ਖਮੀ
ਅਬੋਹਰ, 16 ਅਗਸਤ : ਸ਼ਹਿਰ ਅਬੋਹਰ ਨੇੜਲੇ ਪਿੰਡ ਸੀਡ ਫਾਰਮ ’ਚ ਨੌਜਵਾਨਾਂ ਦੀ ਸਕੂਟਰੀ ਦੇ ਦੂਜੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਹੋਈ ਲੜਾਈ ਨੇ ਖੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ। ਇਕ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਜੀਜਾ-ਸਾਲੇ ਦੀ ਲੈਬ ’ਚ ਵੜ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਣ ਹੋ ਗਏ।
ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਇਕ-ਦੋ ਨੌਜਵਾਨਾਂ ਦੀ ਹਾਲਤ ਨਾਜ਼ੁਕ ਦੇਖ ਕੇ ਰੈਫਰ ਕਰ ਦਿੱਤਾ ਗਿਆ। ਥਾਣਾ ਨੰਬਰ 1 ਦੀ ਪੁਲਸ ਨੇ ਹਮਲਾਵਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ ਅਰੁਣ ਕੁਮਾਰ ਪੁੱਤਰ ਖਰੇਤੀ ਲਾਲ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਸਕੂਟੀ ਦੀ ਟੱਕਰ ਪਿੰਡ ਦੇ ਹੀ ਸੂਰਜ ਸਿੰਘ ਨਾਲ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਆਪਸ ’ਚ ਝਗੜਾ ਹੋ ਗਿਆ। ਇਸ ਤੋਂ ਬਾਅਦ ਉਹ ਆਪਣੇ ਸਾਲੇ ਸਾਜਨ ਨਾਲ ਸੀਡ ਫਾਰਮ ’ਚ ਆਪਣੇ ਦੂਜੇ ਸਾਲੇ ਬਾਪਲ ਕੋਲ ਕਿਸੇ ਕੰਮ ਲਈ ਉਸ ਦੀ ਲੈਬੋਰੇਟਰੀ ’ਤੇ ਗਿਆ ਸੀ ਕਿ ਇਸੇ ਦੌਰਾਨ ਸੀਡ ਫਾਰਮ ਪੱਕਾ ਵਾਸੀ ਸੂਰਜ ਸਿੰਘ ਪੁੱਤਰ ਜੀਤ ਸਿੰਘ ਆਪਣੇ 10-12 ਅਣਪਛਾਤੇ ਸਾਥੀਆਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਲੈਬੋਰੇਟਰੀ ’ਤੇ ਆਏ ਅਤੇ ਭੰਨ੍ਹ-ਤੋੜ ਸ਼ੁਰੂ ਕਰ ਦਿੱਤੀ।
ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਆਪਣੇ ਵਾਹਨਾਂ ’ਤੇ ਭੱਜ ਗਏ। ਇਸ ਹਮਲੇ ਦੀ ਵੀਡੀਓ ਸੀ. ਸੀ. ਟੀ. ਵੀ. ’ਚ ਵੀ ਕੈਦ ਹੋ ਗਈ। ਪੁਲਸ ਨੇ ਉਕਤ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
Read More : ਭਗਵੰਤ ਮਾਨ ਨੇ ਮੁਲਾਜ਼ਮਾਂ ਨੂੰ ‘ਮੁੱਖ ਮੰਤਰੀ ਰਕਸ਼ਕ ਮੈਡਲ’ ਤੇ ‘ਮੁੱਖ ਮੰਤਰੀ ਮੈਡਲ’ ਦਿੱਤੇ