ਗਰਭਵਤੀ ਹੋਣ ’ਤੇ ਕਰਵਾਇਆ ਅਬਾਰਸ਼ਨ, ਮੁਲਜ਼ਮ ਗ੍ਰਿਫਤਾਰ
ਮਲੋਟ, 6 ਸਤੰਬਰ : ਸਮਾਜ ਅੰਦਰ ਅਨੇਕਾਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਕਈ ਘਟਨਾਵਾਂ ਇਨਸਾਨੀਅਤ ਨੂੰ ਸ਼ਰਮਿੰਦਾ ਕਰਨ ਵਾਲੀਆਂ ਹੁੰਦੀਆਂ ਹਨ। ਮਲੋਟ ਵਿਖੇ ਇਕ ਪਿਉ ਵੱਲੋਂ ਆਪਣੀ ਮੰਦਬੁੱਧੀ ਨਾਬਾਲਿਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ। ਬੱਚੀ ਜਦੋਂ ਗਰਭਵਤੀ ਹੋ ਗਈ ਤਾਂ ਉਸ ਦਾ ਅਬਾਰਸ਼ਨ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ।
ਮਾਮਲਾ ਮੁਹੱਲੇ ਵਾਲਿਆਂ ਦੇ ਧਿਆਨ ’ਚ ਆਉਣ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸਿਟੀ ਮਲੋਟ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਦੀ ਮਾਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸਦੇ ਤਿੰਨ ਨਿੱਕੇ ਭੈਣ ਭਰਾ ਹੋਰ ਹਨ।
ਇਸ ਸਬੰਧੀ ਮੁਹੱਲੇ ਦੇ ਐੱਮ. ਸੀ. ਮੋਤੀ ਰਾਮ, ਗੁਰਦੀਪ ਸਿੰਘ ਸਮੇਤ ਹੋਰ ਵਿਅਕਤੀਆਂ ਨੇ ਦੱਸਿਆ ਕਿ ਮੁਹੱਲੇ ਦੀ ਆਸ਼ਾ ਵਰਕਰ ਨੇ ਸਮਾਜ ਸੇਵੀ ਵਿਅਕਤੀਆਂ ਦੀ ਮਦਦ ਨਾਲ ਮੁਹੱਲੇ ਦੀ ਇਕ 13 ਸਾਲਾ ਮੰਦਬੁੱਧੀ ਲੜਕੀ ਨੂੰ ਖਰਾਬ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਸੀ।
ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲੜਕੀ ਨਾਲ ਜਬਰ-ਜ਼ਨਾਹ ਹੋਇਆ ਹੈ ਅਤੇ ਉਸਦਾ ਅਬਾਰਸ਼ਨ ਕਰਵਾਇਆ ਗਿਆ ਹੈ। ਇਸ ਮਾਮਲੇ ’ਚ ਸਿਟੀ ਮਲੋਟ ਪੁਲਸ ਵਲੋਂ ਕੀਤੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਲੜਕੀ ਦੀ ਇਸ ਹਾਲਤ ਲਈ ਉਸ ਦਾ ਪਿਉ ਹੀ ਜ਼ਿੰਮੇਵਾਰ ਹੈ। ਪੁਲਸ ਨੇ ਪੀੜਤਾ ਦੇ ਮੁਲਜ਼ਮ ਪਿਤਾ ਵਿਰੁੱਧ ਜਬਰ-ਜ਼ਨਾਹ ਅਤੇ ਪੋਕਸੋ ਐਕਟ ਸਮੇਤ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਡੀ.ਐ੍ਰੱਸ.ਪੀ.ਮਲੋਟ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਹੱਲੇ ਵਾਲਿਆਂ ਨੇ ਦੱਸਿਆ ਕਿ ਪੀੜਤਾ ਦਾ ਪਿਤਾ ਬੜਾ ਵਹਿਸ਼ੀ ਅਤੇ ਬੇਦਰਦ ਇਨਸਾਨ ਸੀ ਜਿਹੜਾ ਪਹਿਲਾਂ ਆਪਣੀ ਪਤਨੀ ’ਤੇ ਵੀ ਤਸ਼ੱਦਦ ਕਰਦਾ ਸੀ। ਪੰਜ ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਹੁਣ ਪੀੜਤਾ, ਉਸ ਦੀ ਛੋਟੀ ਭੈਣ ਤੇ ਦੋ ਛੋਟੇ ਭਰਾ ਆਪਣੇ ਪਿਤਾ ਨਾਲ ਰਹਿੰਦੇ ਸਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਬੱਚਿਆਂ ਦਾ ਕੋਈ ਵਾਰਿਸ ਨਹੀਂ। ਪੀੜਤ ਲੜਕੀ ਅਤੇ ਬਾਕੀ ਬੱਚਿਆਂ ਨੂੰ ਸਰਕਾਰ ਵਲੋਂ ਕਿਸੇ ਬਾਲ ਆਸ਼ਰਮ ਵਿਚ ਸਹਾਰਾ ਦਿੱਤਾ ਜਾਵੇ।
Read More : ਸ਼ਿਵਰਾਜ ਚੌਹਾਨ ਤੇ ਰਵਨੀਤ ਬਿੱਟੂ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ