Manjar of villages

ਬੇਹੱਦ ਖੌਫਨਾਕ ਹੈ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦਾ ਮੰਜਰ

ਪਾਣੀ ਸੁੱਕਣ ਦੇ ਬਾਅਦ ਵੀ ਲੀਹਾਂ ’ਤੇ ਨਹੀਂ ਆਵੇਗੀ ਹੜ੍ਹ ਪੀੜਤਾਂ ਦੀ ਜ਼ਿੰਦਗੀ

ਪੂਰੀ ਤਰ੍ਹਾਂ ਫਸਲਾਂ ਨਸ਼ਟ, ਦੁਕਾਨਾਂ ਅਤੇ ਘਰਾਂ ’ਚ ਪਿਆ ਸਾਮਾਨ ਵੀ ਹੋਇਆ ਬਰਬਾਦ

ਗੁਰਦਾਸਪੁਰ, 1 ਸਤੰਬਰ : ਜ਼ਿਲਾ ਗੁਰਦਾਸਪੁਰ ’ਚ ਹੜ੍ਹਾਂ ਦੀ ਮਾਰ ਨੇ ਪੂਰਾ ਇਕ ਹਫਤਾ ਅਜਿਹਾ ਕਹਿਰ ਮਚਾਇਆ ਹੈ ਕਿ ਹੁਣ ਆਉਣ ਵਾਲਾ ਲੰਬਾ ਸਮਾਂ ਹੜ੍ਹ ਪੀੜਤ ਲੋਕਾਂ ਲਈ ਬੇਹੱਦ ਮੁਸ਼ਕਲਾਂ ਅਤੇ ਚੁਨੌਤੀਆਂ ਭਰਿਆ ਹੋਵੇਗਾ। ਬੇਸ਼ੱਕ ਹੁਣ ਵੱਖ-ਵੱਖ ਪਿੰਡਾਂ ’ਚੋਂ ਰਾਵੀ ਦਰਿਆ ਦੇ ਪਾਣੀ ਨੇ ਵਾਪਸੀ ਕਰ ਲਈ ਹੈ ਪਰ ਪਾਣੀ ਦੀ ਮਾਰ ਹਾਏ ਹੇਠ ਆਏ ਪਿੰਡਾਂ ਦਾ ਮੰਜਰ ਹੁਣ ਬੇਹੱਦ ਦੁੱਖਦਾਈ ਅਤੇ ਖੌਫਨਾਕ ਹੈ, ਜਿੱਥੇ ਪਾਣੀ ਸੁੱਕਣ ਦੇ ਬਾਅਦ ਪੀੜਤ ਲੋਕਾਂ ਲਈ ਵੱਡੀਆਂ ਗੰਭੀਰ ਸਮੱਸਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।

ਅੱਜ ਵੱਖ-ਵੱਖ ਪਿੰਡਾਂ ਦੇ ਲੋਕ ਪਾਣੀ ਸੁੱਕਣ ਦੇ ਬਾਵਜੂਦ ਆਪਣੇ ਘਰਾਂ ’ਚ ਰਹਿਣ ਦੇ ਸਮਰੱਥ ਨਹੀਂ ਹਨ ਕਿਉਂਕਿ ਘਰਾਂ ਦੇ ਵਿਹੜੇ ਅਤੇ ਫਰਸ਼ ਇੰਨੀ ਗੰਦਗੀ ਨਾਲ ਭਰ ਚੁੱਕੇ ਹਨ, ਜਿੱਥੇ ਰਹਿਣਾ ਤਾਂ ਦੂਰ ਸਗੋਂ ਕੁਝ ਮਿੰਟ ਖੜੇ ਹੋਣਾ ਵੀ ਬੇਹੱਦ ਮੁਸ਼ਕਲ ਹੈ। ਘਰਾਂ ’ਚ ਕਈ ਤਰ੍ਹਾਂ ਦੇ ਜ਼ਹਿਰੀਲੇ ਕੀੜੇ ਮਕੌੜੇ ਫਿਰ ਰਹੇ ਹਨ।

ਅਜੇ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਤੰਬੂ ਲਗਾ ਕੇ ਰਹਿਣ ਲਈ ਮਜਬੂਰ ਹੋਏ ਪਏ ਹਨ। ਜਿਨ੍ਹਾਂ ਲਈ ਅੱਜ ਪੈ ਰਿਹਾ ਮੀਂਹ ਇਕ ਹੋਰ ਸਮੱਸਿਆ ਲੈ ਕੇ ਆਇਆ ਹੈ। ਇਨ੍ਹਾਂ ਪਿੰਡਾਂ ’ਚ ਲੋਕਾਂ ਦੀ ਤਰਸਯੋਗ ਹਾਲਤ ਦੇਖ ਕੇ ਇਕ ਵਾਰ ਹਰ ਵਿਅਕਤੀ ਕੁਦਰਤ ਦੇ ਇਸ ਕਹਿਰ ਨੂੰ ਕੋਸਦਾ ਨਜ਼ਰ ਆ ਰਿਹਾ ਹੈ।

ਪੀੜਤ ਲੋਕਾਂ ਲਈ ਸ਼ੁਰੂ ਹੋਵੇਗਾ ਆਰਥਿਕ ਸੰਕਟ ਦਾ ਦੌਰ

ਹੜ ਪੀੜਤ ਪਿੰਡਾਂ ’ਚ ਸਭ ਤੋਂ ਵੱਡਾ ਨੁਕਸਾਨ ਫਸਲਾਂ ਦਾ ਹੋਇਆ ਹੈ ਅਤੇ ਇਹ ਦੱਸਣਯੋਗ ਹੈ ਕਿ ਬਹੁ-ਗਿਣਤੀ ਕਿਸਾਨ ਸਿਰਫ ਫਸਲਾਂ ਤੋਂ ਹੋਣ ਵਾਲੀ ਆਮਦਨ ’ਤੇ ਹੀ ਨਿਰਭਰ ਕਰਦੇ ਹਨ, ਜੋ ਇਸ ਗੱਲ ਨੂੰ ਲੈ ਕੇ ਚਿੰਤਾ ’ਚ ਡੁੱਬੇ ਹੋਏ ਹਨ ਕਿ ਹੁਣ ਉਨ੍ਹਾਂ ਦੀਆਂ ਫਸਲਾਂ ਦੀ ਹੋਈ ਇਸ ਬਰਬਾਦੀ ਦੇ ਬਾਅਦ ਉਹ ਆਉਣ ਵਾਲੇ ਸਮੇਂ ’ਚ ਆਪਣੇ ਆਰਥਿਕ ਲੋੜਾਂ ਨੂੰ ਕਿਸ ਤਰ੍ਹਾਂ ਪੂਰਾ ਕਰਨਗੇ?

ਇਸੇ ਤਰ੍ਹਾਂ ਹੁਣ ਦੁਕਾਨਦਾਰ ਵਰਗ ਵੀ ਬੇਹੱਦ ਚਿੰਤਾ ’ਚ ਡੁੱਬਾ ਹੋਇਆ ਹੈ ਕਿਉਂਕਿ ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਦੁਕਾਨਦਾਰ ਵੀ ਵੱਡੀ ਮੰਦਹਾਲੀ ਦੇ ਦੌਰ ਵਿੱਚ ਹਨ, ਜਿਨ੍ਹਾਂ ਦੀਆਂ ਨਾ ਸਿਰਫ ਦੁਕਾਨਾਂ ਬਰਬਾਦ ਹੋਈਆਂ ਹਨ, ਸਗੋਂ ਦੁਕਾਨਾਂ ’ਚ ਪਿਆ ਕੀਮਤੀ ਸਾਮਾਨ ਵੀ ਹੜ੍ਹ ਦੇ ਪਾਣੀ ਦੀ ਭੇਟ ਚੜ੍ਹ ਗਿਆ ਹੈ।

ਦੁਕਾਨਦਾਰਾਂ ਨੂੰ ਵੀ ਇਹ ਡਰ ਸਤਾ ਰਿਹਾ ਹੈ ਕਿ ਉਹ ਆਪਣੇ ਕਾਰੋਬਾਰਾਂ ਨੂੰ ਮੁੜ ਕਿਸ ਤਰ੍ਹਾਂ ਖੜਾ ਕਰਨਗੇ ਅਤੇ ਕਿਸ ਤਰ੍ਹਾਂ ਉਨਾਂ ਦੀ ਜ਼ਿੰਦਗੀ ਮੁੜ ਲੀਹਾਂ ’ਤੇ ਆਵੇਗੀ। ਹੋਰ ਤੇ ਹੋਰ ਘਰਾਂ ’ਚ ਲੋਕਾਂ ਵੱਲੋਂ ਪੂਰੀ ਉਮਰ ਦੀ ਮਿਹਨਤ ਕਰਕੇ ਬਣਾਇਆ ਗਿਆ ਸਾਜੋ ਸਮਾਨ ਵੀ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਕੇ ਖਤਮ ਕਰ ਦਿੱਤਾ ਹੈ।

ਹਾਲਾਤ ਇਹ ਬਣੇ ਹੋਏ ਹਨ ਕਿ ਲੋਕਾਂ ਕੋਲ ਘਰਾਂ ਵਿਚ ਸੌਣ ਲਈ ਬੈਡ ਵੀ ਸੁਰੱਖਿਆਤ ਨਹੀਂ ਬਚੇ। ਬੈੱਡ ਵੀ ਪਾਣੀ ਦੀ ਮਾਰ ਹੇਠ ਆ ਕੇ ਖਰਾਬ ਹੋ ਗਏ ਹਨ, ਜਿਸ ਤੋਂ ਇਲਾਵਾ ਸੋਫੇ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਵੀ ਪਾਣੀ ਦੀ ਮਾਰ ਤੋਂ ਬਚ ਨਹੀਂ ਸਕਿਆ।

ਪੁਨਰਵਾਸ ਲਈ ਵੱਖ-ਵੱਖ ਤਰ੍ਹਾਂ ਦੀ ਸਮੱਗਰੀ ਦੀ ਲੋੜ

ਹੜ੍ਹ ਪੀੜਤ ਲੋਕਾਂ ਲਈ ਇਸ ਮੌਕੇ ਜਿੱਥੇ ਪਾਣੀ ਅਤੇ ਭੋਜਨ ਦੀ ਵੱਡੀ ਜ਼ਰੂਰਤ ਹੈ, ਉਸ ਦੇ ਨਾਲ ਹੀ ਪਸ਼ੂਆਂ ਦੇ ਚਾਰੇ ਵਾਸਤੇ ਵੀ ਮੰਗ ਕਰਦੇ ਆ ਰਹੇ ਹਨ। ਇਸ ਮੌਕੇ ਵੱਖ-ਵੱਖ ਸਮਾਜਸੇਵੀ ਜਥੇਬੰਦੀਆਂ ਅਤੇ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ ਬਹੁਤ ਸਾਰਾ ਰਾਸ਼ਨ ਅਤੇ ਅਜਿਹਾ ਹੋਰ ਸਾਮਾਨ ਲੋਕਾਂ ਤੱਕ ਪਹੁੰਚਾ ਦਿੱਤਾ ਹੈ। ਪਰ ਲੋਕ ਆਪਣੇ ਪੁਨਰਵਾਸ ਲਈ ਹੁਣ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਅਤੇ ਵਸਤੂਆਂ ਤੋਂ ਵਾਂਝੇ ਹਨ। ਪਸ਼ੂਆਂ ਦੇ ਚਾਰੇ ਅਤੇ ਪੀਣ ਵਾਲੇ ਪਾਣੀ ਲਈ ਟੈਂਕਰ ਉਪਲਬਧ ਕਰਵਾਏ ਜਾਣ ਦੀ ਸਖਤ ਲੋੜ ਹੈ।

ਇਸੇ ਤਰ੍ਹਾਂ ਪੂਰੇ ਇਲਾਕੇ ਵਿੱਚ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਵੱਲੋਂ ਜਨਰੇਟਰਾਂ ਦੀ ਵੀ ਜਰੂਰਤ ਹੈ ਤਾਂ ਜੋ ਲੋਕ ਜਨਰੇਟਰ ਚਲਾ ਕੇ ਘੱਟੋ ਘੱਟ ਆਪਣੇ ਘਰਾਂ ਵਿੱਚ ਇਨਵਰਟਰ ਦੀਆਂ ਬੈਟਰੀਆਂ ਨੂੰ ਚਾਰਜ ਕਰ ਸਕਣ ਅਤੇ ਆਪਣੇ ਮੋਬਾਈਲ ਫੋਨਾਂ ਸਮੇਤ ਹੋਰ ਜਰੂਰੀ ਬਿਜਲੀ ਉਪਕਰਨ ਚਾਲੂ ਹਾਲਤ ਵਿੱਚ ਲਿਆ ਸਕਣ।

ਲੋਕਾਂ ਨੂੰ ਰਾਸ਼ਨ ਬਣਾਉਣ ਲਈ ਸਿਲੰਡਰ ਅਤੇ ਛੋਟੇ ਚੁਲਿਆਂ ਦੀ ਵੀ ਭਾਰੀ ਜਰੂਰਤ ਮਹਿਸੂਸ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਘਰਾਂ ਵਿੱਚ ਪਏ ਚੁੱਲੇ ਪਹਿਲਾਂ ਹੀ ਖਰਾਬ ਹੋ ਚੁੱਕੇ ਹਨ। ਬੱਚਿਆਂ ਲਈ ਡਾਈਪਰ, ਸੈਨੀਟਰੀ ਨੈਪਕਿਨ, ਤਰਪਾਲਾਂ, ਪਾਉਣ ਲਈ ਕੱਪੜੇ, ਬਿਜਲੀ ਠੀਕ ਕਰਨ ਲਈ ਇਲੈਕਟਰੀਸ਼ਨ ਸਮੇਤ ਬਹੁਤ ਸਾਰੀਆਂ ਵਸਤੂਆਂ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ।

ਹੋਰ ਤੇ ਹੋਰ ਤਬਾਹ ਹੋਈਆਂ ਇਨਾਂ ਇਮਾਰਤਾਂ ਅਤੇ ਘਰਾਂ ਦੇ ਵਿੱਚ ਪਏ ਵੱਖ ਵੱਖ ਟੋਇਆਂ ਨੂੰ ਭਰਨ ਲਈ ਲੋਕਾਂ ਵੱਲੋਂ ਮਿੱਟੀ, ਰੇਤਾ, ਸੀਮਿੰਟ, ਬੱਜਰੀ, ਇੱਟਾਂ, ਸਰੀਆ ਮਿਸਤਰੀਆਂ ਪਲੰਬਰਾ ਦੀ ਵੀ ਲੋੜ ਹੈ। ਗੰਦਗੀ ਦੀ ਸਫਾਈ ਕਰਨ ਲਈ ਇਸ ਮੌਕੇ ਝਾੜੂ, ਪ੍ਰੈਸ਼ਰ ਪੰਪ, ਪਾਣੀ ਵਾਲੇ ਟੈਂਕਰ, ਕਹੀਆਂ, ਖੁਰਪੇ ਅਤੇ ਬਾਲਟੀਆਂ ਆਦਿ ਵੀ ਜ਼ਰੂਰਤ ਦੱਸੀ ਜਾ ਰਹੀ ਹੈ।

ਇਨ੍ਹਾਂ ਸਭ ਤੋਂ ਜ਼ਿਆਦਾ ਅਹਿਮ ਚੀਜ਼ ਇਹ ਮੰਨੀ ਜਾ ਰਹੀ ਹੈ ਕਿ ਲੋਕ ਸਿਰਫ ਸਾਮਾਨ ਭੇਜਣ ਦੀ ਬਜਾਏ ਖੁਦ ਇਹਨਾਂ ਇਲਾਕਿਆਂ ਵਿਚ ਜਾ ਕੇ ਪੀੜਤ ਲੋਕਾਂ ਨਾਲ ਹੱਥੀ ਸੇਵਾ ਕਰਨ ਤਾਂ ਜੋ ਉਨ੍ਹਾਂ ਦੇ ਘਰ ਅਤੇ ਹੋਰ ਇਮਾਰਤਾਂ ਮੁੜ ਜਲਦੀ ਤੋਂ ਜਲਦੀ ਸਾਫ ਹੋ ਸਕਣ ਅਤੇ ਲੋਕ ਮੁੜ ਆਪਣੀ ਆਮ ਜ਼ਿੰਦਗੀ ਸ਼ੁਰੂ ਕਰ ਸਕਣ।

Read More : ਰਾਵੀ ਦਰਿਆ ਦੇ ਮਕੌੜਾ ਪੱਤਣ ’ਤੇ 8 ਦਿਨਾਂ ਬਾਅਦ ਚੱਲੀ ਕਿਸ਼ਤੀ

Leave a Reply

Your email address will not be published. Required fields are marked *