ਬਾਰੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨਿਹੰਗ ਸਿੰਘਾਂ ਦੀਆਂ ਫ਼ੌਜਾਂ ਨੇ ਦਿਖਾਏ ਜੌਹਰ
ਮਿਲਾਨ, 12 ਮਾਰਚ : ਇਟਲੀ ਦੇ ਦੱਖਣ ’ਚ ਸਥਿਤ ਪੁਰਾਤਨ ਸ਼ਹਿਰ ਬਾਰੀ ਦੇ ਗੁਰਦੁਆਰਾ ਸਿੰਘ ਸਭਾ ਸਨੀ ਕਾਰਦੋ ਵਿਖੇ ਸਿੱਖ ਸੰਗਤਾਂ ਵੱਲੋਂ ਲਗਾਤਾਰ ਦੂਜੀ ਵਾਰ ‘ਹੋਲਾ ਮਹੱਲਾ’ ਬੜੀ ਸ਼ਾਨੋ-ਸ਼ੌਕਤ ਅਤੇ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਉੱਤਰੀ ਅਤੇ ਸੈਂਟਰ ਇਟਲੀ ਤੋਂ ਪਹੁੰਚੀਆਂ ਨਿਹੰਗ ਸਿੰਘਾਂ ਦੀਆਂ ਫ਼ੌਜਾਂ ਵੱਲੋਂ ਹੋਲਾ ਮਹੱਲਾ ਕੱਢਿਆ ਗਿਆ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡਾ ਸਮਾਗਮ ਉਲੀਕਿਆ ਗਿਆ ਸੀ, ਜਿਸ ’ਚ ਸੰਗਤਾਂ ਨੇ ਦੂਰ-ਦੁਰਾਡੇ ਤੋਂ ਪਹੁੰਚ ਕੇ ਰੌਣਕਾਂ ਵਧਾਈਆਂ। ਸਮਾਗਮ ਦੌਰਾਨ ਛੋਟੇ ਬੱਚਿਆਂ ਨੂੰ ਸ਼ਾਸਤਰ ਵਿੱਦਿਆ ਦੀ ਜਾਣਕਾਰੀ ਦਿੱਤੀ ਗਈ। ਨਿਹੰਗ ਸਿੰਘਾਂ ਵੱਲੋਂ ਇਕ-ਦੂਜੇ ’ਤੇ ਰੰਗ ਪਾ ਕੇ ਖ਼ੁਸ਼ੀ ਸਾਂਝੀ ਕੀਤੀ ਗਈ ਅਤੇ ਗਤਕਾ ਕਲਾ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਪ੍ਰਬੰਧਕਾਂ ਨੇ ਦੱਸਿਆ ਕਿ ਇਟਲੀ ਦੇ ਉੱਤਰੀ ਅਤੇ ਕੇਂਦਰੀ ਹਿੱਸਿਆਂ ’ਚ ਸਿੱਖਾਂ ਦੀ ਬਹੁਤ ਵੱਡੀ ਗਿਣਤੀ ਹੈ, ਪਰ ਦੱਖਣ ਵਾਲੇ ਪਾਸੇ ਗਿਣਤੀ ਘੱਟ ਹੋਣ ਦੇ ਬਾਵਜੂਦ ਅਜਿਹੇ ਸਮਾਗਮ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਵਾਂ ਨਿਭਾਉਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
Read More : ਕੋਟਕਪੂਰਾ ਵਿਚ ਖਾਲੀ ਪਲਾਟ ’ਚੋਂ ਗੁਟਕਾ ਸਾਹਿਬ ਦੇ ਸਰੂਪ ਮਿਲੇ
