ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪੱਕੇ ਮਕਾਨਾਂ ਲਈ 102 ਲਾਭਪਾਤਰੀਆਂ ਨੂੰ 2.55 ਕਰੋੜ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ
ਖਨੌਰੀ, 28 ਨਵੰਬਰ : ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਖਨੌਰੀ ਦੇ 102 ਲਾਭਪਾਤਰੀਆਂ ਨੂੰ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਸਰਕਾਰ ਵੱਲੋਂ ਦਿੱਤੀ ਗ੍ਰਾਂਟ ਦੇ 2 ਕਰੋੜ 55 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ। ਉਨਾਂ ਕਿਹਾ ਕਿ ਖਨੌਰੀ ਖੇਤਰ ਦੇ 39 ਹੋਰ ਲਾਭਪਾਤਰੀਆਂ ਨੂੰ 97.5 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਵੀ ਜਲਦ ਜਾਰੀ ਕੀਤੇ ਜਾਣਗੇ।
ਬਰਿੰਦਰ ਕੁਮਾਰ ਗੋਇਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਨੌਰੀ ਖੇਤਰ ਵਿੱਚ 5 ਕਰੋੜ ਰੁਪਏ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਹੋਣ ਜਾ ਰਹੇ ਹਨ। ਉਨਾਂ ਦੱਸਿਆ ਕਿ ਖਨੌਰੀ ਵਿਖੇ 50 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ 13 ਕਰੋੜ ਰੁਪਏ ਦੀ ਲਾਗਤ ਨਾਲ ਵਾਟਰ ਟਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਦਾ ਕੰਮ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਖੇਤਰ ਵਿੱਚ ਸੜਕਾਂ ਬਣਨ ਦਾ ਕੰਮ ਵੀ ਜੰਗੀ ਪੱਧਰ ਉਤੇ ਜਾਰੀ ਹੈ, ਜਿਸ ਤਹਿਤ ਭਾਖੜਾ ਦੇ ਨਾਲ ਵਾਲੀ ਸੜਕ ਅਤੇ ਮੰਡਵੀ ਵਾਲੀ ਸੜਕ ਦਾ ਕੰਮ ਵੀ ਚੱਲ ਰਿਹਾ ਹੈ। ਕੈਥਲ ਡਰੇਨ ਉੱਤੇ ਪੈਦਲ ਚੱਲਣ ਤੇ ਦੋ ਪਹੀਆ ਵਾਹਨਾਂ ਲਈ ਪੁਲ ਬਣਾਉਣ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ।
ਬਰਿੰਦਰ ਕੁਮਾਰ ਗੋਇਲ ਨੇ ਪੱਕੇ ਮਕਾਨਾਂ ਦੇ ਮਨਜ਼ੂਰੀ ਪੱਤਰ ਲੈਣ ਆਏ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਵਿੱਚ ਸਭ ਤੋਂ ਅਹਿਮ ਸਿਰ ਉੱਤੇ ਛੱਤ ਹੈ ਅਤੇ ਇਸ ਅਹਿਮ ਜ਼ਰੂਰਤ ਨੂੰ ਪੂਰਾ ਕਰਨ ਲਈ ਸਰਕਾਰ ਵਚਨਬੱਧ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੇਂਦਰ ਤੇ ਸੂਬਾ ਸਰਕਾਰ 60:40 ਅਨੁਪਾਤ ਨਾਲ ਆਪਣਾ ਹਿੱਸਾ ਪਾਉਂਦੇ ਹਨ ਅਤੇ ਹੋਰ ਸਾਰੀ ਲੋੜੀਂਦੀ ਕਾਰਵਾਈ ਸੂਬਾ ਸਰਕਾਰ ਵੱਲੋਂ ਕੀਤੀ ਜਾਂਦੀ ਹੈ।
ਇਸ ਮੌਕੇ ਪੀ.ਏ. ਰਾਕੇਸ਼ ਕੁਮਾਰ ਗੁਪਤਾ, ਸ਼ੀਨੂੰ ਗਰਗ, ਰੀਤੂ ਰਾਣੀ, ਵਿਜੈਇੰਦਰ, ਜੋਰਾ ਸਿੰਘ ਉੱਪਲ, ਪਵਨ ਕੁਮਾਰ, ਇਕਬਾਲ ਸਿੰਘ ਪੁੰਨੀਆਂ, ਸੁਰਿੰਦਰ ਕੁਮਾਰ ਬਬਲੀ ਤੇ ਹਰਬੰਸ ਸਿੰਘ, ਵੀਰਭਾਨ, ਸੰਦੀਪ ਕੁਮਾਰ ਸੀਤਾ ਵੀ ਮੌਜੂਦ ਸਨ।
Read More : ‘ਰੰਗਲਾ ਪੰਜਾਬ’ ਯੋਜਨਾ ਤਹਿਤ 213 ਕਰੋੜ ਰੁਪਏ ਜਾਰੀ ਕੀਤੇ : ਹਰਪਾਲ ਚੀਮਾ
