ਪੰਜਾਬ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਕੀਤਾ ਜਾ ਰਿਹੈ ਸੰਘਰਸ਼ : ਖਾਲਸਾ
ਅੰਮ੍ਰਿਤਸਰ, 26 ਜੁਲਾਈ : ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਵਫਦ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲਿਆ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਵਾਸਤੇ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਪੰਜਾਬ ਦੇ ਹੱਕਾਂ, ਸੂਬੇ ਦੀ ਖੁਸ਼ਹਾਲੀ, ਆਰਥਿਕ ਤਰੱਕੀ, ਪੰਜਾਬ ’ਚ ਵੱਸਦੇ ਹਰ ਫਿਰਕੇ ਲਈ ਵਿਚਾਰਾਂ ਦੀ ਆਜ਼ਾਦੀ ਵਾਸਤੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ, ਜਿਸ ਦਾ ਮੁੱਖ ਮਨੋਰਥ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ।
ਭਾਈ ਖਾਲਸਾ ਨੇ ਕਿਹਾ ਕਿ ਹਰ ਨਾਗਰਿਕ ਲਈ ਰੋਜ਼ਗਾਰ ਪੈਦਾ ਕਰਨਾ, ਹਰ ਮੂੰਹ ਲਈ ਰੋਟੀ, ਤਨ ਲਈ ਕੱਪੜਾ ਤੇ ਰਹਿਣ ਲਈ ਮਕਾਨ ਸਮੇਤ ਉਨ੍ਹਾਂ ਸਾਰੀਆਂ ਸੱਭਿਆਚਾਰਕ ਲੋੜਾਂ ਦੀ ਪੂਰਤੀ ਲਈ ਵਸੀਲੇ ਪੈਦਾ ਕਰਨਾ, ਜਿਨ੍ਹਾਂ ਬਿਨਾਂ ਜੀਵਨ ਅਧੂਰਾ ਹੈ। ਭਾਈ ਖਾਲਸਾ ਨੇ ਕਿਹਾ ਕਿ ਅਜਿਹਾ ਰਾਜਸੀ ਵਿਧਾਨ ਸਿਰਜਣਾ ਜਿਸ ਵਿਚ ਹਰ ਨਾਗਰਿਕ ਦੇ ਹੱਕ ਹਕੂਕ ਸੁਰੱਖਿਅਤ ਹੋਣ, ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮੇਂ ਸਿਰ ਸੁਣ ਕੇ ਹੱਲ ਕੀਤਾ ਜਾਵੇ, ਹਰ ਨਾਗਰਿਕ ਦਾ ਮਾਣ ਸਵੈਮਾਣ ਕਾਇਮ ਰਹੇ ਤੇ ਆਪਣਾ ਭਵਿੱਖ ਘੜਨ ਦੀ ਆਜ਼ਾਦੀ ਹੋਵੇ।
ਭਾਈ ਖਾਲਸਾ ਨੇ ਕਿਹਾ ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕਰਨਾ, ਆਪਣੀ ਮਾਤ ਭਾਸ਼ਾ ਨੂੰ ਕਿੱਤਾ ਮੁਖੀ ਬਣਾਉਣਾ, ਪਾਣੀਆਂ ਦੀ ਲੁੱਟ ਨੂੰ ਰੋਕਣਾ ਤੇ ਵਾਹੀਯੋਗ ਜ਼ਮੀਨਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਨਾ, ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣਾ ਆਦਿ ਮਸਲੇ ਹਨ, ਜਿਹੜੇ ਤਾਂ ਹੀ ਹੱਲ ਹੋ ਸਕਦੇ ਹਨ, ਜੇਕਰ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਫੈੱਡਰੇਸ਼ਨ ਦੀ ਸੋਚ ਤੇ ਯਤਨਾਂ ਨੂੰ ਸਲਹਾਉਂਦਿਆਂ ਹਰ ਪੱਖੋਂ ਸਹਿਯੋਗ ਦੀ ਹਾਮੀ ਭਰੀ।
ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਬਲਜੀਤ ਸਿੰਘ ਬੀਤਾ, ਭਾਈ ਜਸਪਾਲ ਸਿੰਘ ਇਸਲਾਮਗੰਜ, ਭਾਈ ਮਨਦੀਪ ਸਿੰਘ ਅੰਮ੍ਰਿਤਸਰ, ਭਾਈ ਅਜਮੇਰ ਸਿੰਘ ਮੰਡੇਰ, ਭਾਈ ਜਗਮੀਤ ਸਿੰਘ, ਭਾਈ ਮਨਦੀਪ ਸਿੰਘ ਮਠਾੜੂ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
Read More : ਗਾਇਕ ਬੀਰ ਸਿੰਘ ਨੇ ਮੰਗੀ ਮੁਆਫ਼ੀ