ਹਰਪ੍ਰੀਤ ਸਿੰਘ ਹੀਰੋ ਨੂੰ ਅਕਾਲੀ ਦਲ ’ਚ ਸ਼ਾਮਲ ਕਰਕੇ ਜ਼ੀਰਾ ਹਲਕੇ ਦਾ ਇੰਚਾਰਜ ਕੀਤਾ ਨਿਯੁਕਤ
ਜ਼ੀਰਾ, 21 ਜੁਲਾਈ :-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਖੂ ਸਥਿਤ ਹੀਰੋ ਫਾਰਮ ’ਤੇ ਪਹੁੰਚ ਕੇ ਸਾਬਕਾ ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚਰਨ ਸਿੰਘ ਹੀਰੋ ਦੇ ਪੁੱਤਰ ਹਰਪ੍ਰੀਤ ਸਿੰਘ ਹੀਰੋ ਨੂੰ ਅਕਾਲੀ ਦਲ ’ਚ ਸ਼ਾਮਲ ਕਰਦਿਆਂ ਹਲਕਾ ਜ਼ੀਰਾ ਦਾ ਇੰਚਾਰਜ ਨਿਯੁਕਤ ਕੀਤਾ। ਹਰਪ੍ਰੀਤ ਸਿੰਘ ਵੱਲੋਂ ਸੁਖਬੀਰ ਸਿੰਘ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਲਈ ਵਚਨਬੱਧ ਰਹੀ ਹੈ। ਉਨ੍ਹਾਂ ਸਵਰਗੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਦੌਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੰਡੀਆਂ, ਫੋਕਲ ਪੁਆਇੰਟ, ਮੋਟਰ ਕੁਨੈਕਸ਼ਨ ਅਤੇ ਮਜ਼ਬੂਤ ਰੋਡ ਨੈੱਟਵਰਕ ਨੇ ਪੰਜਾਬ ਦੇ ਵਿਕਾਸ ਨੂੰ ਨਵੀਂ ਉੱਚਾਈਆਂ ਦਿੱਤੀਆਂ।
ਉਨ੍ਹਾਂ ਅਕਾਲੀ ਦਲ ਨੂੰ ਗੁਰੂ ਘਰ ਦੀ ਓਟ ਵਾਲੀ ਪਾਰਟੀ ਦੱਸਦਿਆਂ ਜ਼ੋਰ ਦੇ ਕੇ ਕਿਹਾ ਕਿ ਇਹ ਸੱਚ ਅਤੇ ਈਮਾਨਦਾਰੀ ਦਾ ਪ੍ਰਤੀਕ ਹੈ ਪਰ ਕੁਝ ਰਾਜਸੀ ਤਾਕਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਬੇਅਦਬੀ ਮਾਮਲਿਆਂ ’ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਾਜ਼ਿਸ਼ਾਂ ਰਚੀਆਂ ਗਈਆਂ।
ਉਨ੍ਹਾਂ ਪ੍ਰਸ਼ਨ ਕੀਤਾ ਕਿ ਗੁਰੂ ਘਰ ਦੀ ਸੇਵਾ ਕਰਨ ਵਾਲੇ ਅਕਾਲੀ ਕਿਵੇਂ ਬੇਅਦਬੀ ਕਰ ਸਕਦੇ ਹਨ? ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਦਿੱਲੀ ਦੇ ਹਾਰੇ ਹੋਏ ਆਗੂ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਬਾਦਲ ਨੇ ਕਿਹਾ ਕਿ 2015 ਦੀ ਬੇਅਦਬੀ ਦੇ ਮਾਮਲੇ ’ਚ ਕਾਂਗਰਸ ਪਾਰਟੀ ਨੇ ਮੰਗ ਕੀਤੀ ਸੀ ਕਿ ਕੇਸ ਸੀ. ਬੀ. ਆਈ. ਨੂੰ ਸੌਂਪਿਆ ਜਾਵੇ ਜੋ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਿਆਂ ਦੇ ਹਿੱਤ ਵਿਚ ਤੁਰੰਤ ਪ੍ਰਵਾਨ ਕਰ ਲਈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਸਰਕਾਰਾਂ ਦੋਵੇਂ 2015 ਦੇ ਬੇਅਦਬੀ ਕੇਸਾਂ ਵਿਚ ਕੋਈ ਵੀ ਕਾਰਵਾਈ ਕਰਨ ਵਿਚ ਨਾਕਾਮ ਰਹੀਆਂ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਸਿਰਫ ਦੋ ਹੀ ਕੇਸ ਰਹਿ ਗਏ ਸਨ, ਜਿਨ੍ਹਾਂ ਵਿਚ ਮੋਗਾ ਤੇ ਮਾਲੇਰਕੋਟਲਾ ਦੇ ਕੇਸ ਸ਼ਾਮਲ ਸਨ ਤੇ ਅਸੀਂ ਦੋਵਾਂ ਵਿਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ।
Read More : ਵਕੀਲ ਨੂੰ ਮੋਟਰਸਾਈਕਲ ਸਵਾਰਾਂ ਨੇ ਮਾਰੀਆਂ ਗੋਲੀਆਂ