ਐਨਕਾਊਂਟਰ

ਹਾਈਕੋਰਟ ਵੱਲੋਂ ਸੁਓ-ਮੋਟੋ ਲੈਣ ਤੋਂ ਬਾਅਦ ਰਣਜੀਤ ਸਿੰਘ ਦੀ ਦੇਹ ਦੇ ਸਸਕਾਰ ਦਾ ਫ਼ੈਸਲਾ

ਡੀ.ਸੀ. ਦਫ਼ਤਰ ਦੇ ਘੇਰਾਓ ਦਾ ਫ਼ੈਸਲਾ ਰੱਦ; 9 ਮਾਰਚ ਨੂੰ ਪਿੰਡ ਆਦੀਆ ਵਿਖੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ

ਗੁਰਦਾਸਪੁਰ, 8 ਮਾਰਚ : ਗੁਰਦਾਸਪੁਰ ਦੇ ਪਿੰਡ ਆਦੀਆ ’ਚ ਕਥਿਤ ਤੌਰ ’ਤੇ 24 ਅਤੇ 25 ਫ਼ਰਵਰੀ ਦੀ ਦਰਮਿਆਨੀ ਰਾਤ ਨੂੰ ਹੋਏ ਪੁਲਸ ਮੁਕਾਬਲੇ ’ਚ ਮਾਰੇ ਗਏ ਰਣਜੀਤ ਸਿੰਘ ਆਦੀਆ ਦੀ ਦੇਹ ਦਾ ਸਸਕਾਰ ਹੁਣ 9 ਮਾਰਚ ਨੂੰ ਉਸ ਦੇ ਜੱਦੀ ਪਿੰਡ ਆਦੀਆ ਵਿਖੇ ਕੀਤਾ ਜਾਵੇਗਾ। ਇਹ ਫ਼ੈਸਲਾ ਰਣਜੀਤ ਸਿੰਘ ਪੁਲਸ ਮੁਕਾਬਲਾ ਵਿਰੋਧੀ ਐਕਸ਼ਨ ਕਮੇਟੀ ਅਤੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਲਿਆ ਗਿਆ ਹੈ।

ਇਸ ਸਬੰਧੀ ਮ੍ਰਿਤਕ ਰਣਜੀਤ ਸਿੰਘ ਦੀ ਮਾਤਾ ਸੁਖਜਿੰਦਰ ਕੌਰ, ਚਾਚਾ ਚੰਦਨਪੁਰੀ ਸਿੰਘ ਅਤੇ ਤਾਏ ਹਰਵਿੰਦਰ ਸਿੰਘ ਮਲੀ ਨੇ ਦੱਸਿਆ ਕਿ ਪਹਿਲਾਂ ਪਰਿਵਾਰ ਅਤੇ ਐਕਸ਼ਨ ਕਮੇਟੀ ਵੱਲੋਂ ਦੇਹ ਦਾ ਸਸਕਾਰ ਇਸ ਲਈ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਇਸ ਮਾਮਲੇ ਦੀ ਜਾਂਚ ਪੰਜਾਬ-ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਕੇਂਦਰੀ ਜਾਂਚ ਏਜੰਸੀ ਵੱਲੋਂ ਕਰਵਾਉਣ ਦੀ ਮੰਗ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਹੁਣ ਕੁਝ ਦਿਨ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਦੀ ਮਾਨਯੋਗ ਡਬਲ ਬੈਂਚ ਵੱਲੋਂ ਇਸ ਪੁਲਸ ਮੁਕਾਬਲੇ ਦੇ ਮਾਮਲੇ ਦਾ ਸੁਓ-ਮੋਟੋ (ਖ਼ੁਦ ਨੋਟਿਸ) ਲਿਆ ਗਿਆ ਹੈ, ਜਿਸ ਤੋਂ ਬਾਅਦ ਕਮੇਟੀ ਨੇ 9 ਮਾਰਚ ਨੂੰ ਪਿੰਡ ਆਦੀਆ ਵਿਖੇ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਹੈ।

ਪਰਿਵਾਰ ਨੇ ਦੱਸਿਆ ਕਿ ਪਹਿਲਾਂ ਐਕਸ਼ਨ ਕਮੇਟੀ ਵੱਲੋਂ 9 ਮਾਰਚ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਦਾ ਘੇਰਾਓ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਪਰ ਹੁਣ ਉਸ ਫ਼ੈਸਲੇ ਨੂੰ ਬਦਲ ਦਿੱਤਾ ਗਿਆ ਹੈ। ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੀ.ਸੀ. ਦਫ਼ਤਰ ਪਹੁੰਚਣ ਦੀ ਬਜਾਏ 9 ਮਾਰਚ ਨੂੰ ਸਵੇਰੇ ਠੀਕ 11 ਵਜੇ ਪਿੰਡ ਆਦੀਆ ਵਿਖੇ ਪਹੁੰਚਣ ਤਾਂ ਜੋ ਰਣਜੀਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਸਕੇ।

ਐਕਸ਼ਨ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਦੇਹ ਦਾ ਸਸਕਾਰ ਕਰਨ ਤੋਂ ਬਾਅਦ ਵੀ ਸੰਘਰਸ਼ ਖ਼ਤਮ ਨਹੀਂ ਹੋਵੇਗਾ ਅਤੇ ਕਥਿਤ ਝੂਠਾ ਪੁਲਸ ਮੁਕਾਬਲਾ ਬਣਾਉਣ ਦੇ ਦੋਸ਼ ਹੇਠ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਤੇ ਉਨ੍ਹਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਜਾਰੀ ਰਹੇਗੀ।

ਇਸ ਦੌਰਾਨ ਐਕਸ਼ਨ ਕਮੇਟੀ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਨਵੀਂ ਦਿੱਲੀ ਸਥਿਤ ਸਾਊਦੀ ਅਰਬ ਦੇ ਦੂਤਾਵਾਸ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਸਾਊਦੀ ਅਰਬ ’ਚ ਰਹਿ ਰਹੇ ਰਣਜੀਤ ਸਿੰਘ ਦੇ ਪਿਤਾ ਬਿਕਰਮਜੀਤ ਸਿੰਘ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਉਣ ’ਚ ਮਦਦ ਕੀਤੀ ਜਾਵੇ।

ਪਰਿਵਾਰ ਅਨੁਸਾਰ ਬਿਕਰਮਜੀਤ ਸਿੰਘ ਪਿਛਲੇ 10 ਸਾਲਾਂ ਤੋਂ ਰੋਜ਼ਗਾਰ ਲਈ ਸਾਊਦੀ ਅਰਬ ਗਏ ਹੋਏ ਹਨ, ਪਰ ਮੌਜੂਦਾ ਹਾਲਾਤ ਅਤੇ ਰੋਜ਼ਿਆਂ ਕਾਰਨ ਉਹ ਅਜੇ ਤੱਕ ਵਾਪਸ ਨਹੀਂ ਆ ਸਕੇ।

Read More : ਡਿਊਟੀ ਤੋਂ ਵਾਪਸ ਆ ਰਹੇ ਏ.ਐੱਸ.ਆਈ. ਦੀ ਸੜਕ ਹਾਦਸੇ ’ਚ ਮੌਤ

Leave a Reply

Your email address will not be published. Required fields are marked *