ਕਿਹਾ-ਇਸ ਪਰਿਵਾਰ ਦਾ ਮੁੱਦਾ ਵਿਧਾਨ ਸਭਾ ’ਚ ਉਠਾਵਾਂਗਾ
ਸਿੱਧਵਾਂ ਬੇਟ, 18 ਜਨਵਰੀ : ਤਿੰਨ ਦਿਨ ਪਹਿਲਾਂ ਪਿੰਡ ਸ਼ੇਰੇਵਾਲ ਦੇ ਨੌਜਵਾਨ ਜਸਵੀਰ ਸਿੰਘ (25) ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ਤੋਂ ਬਾਅਦ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ | ਪਿੰਡ ਵਾਸੀਆਂ ਵਲੋਂ ਮ੍ਰਿਤਕ ਜਸਵੀਰ ਸਿੰਘ ਦੇ 5 ਭਰਾਵਾਂ ਦੀ ਮੌਤ ਵੀ ਨਸ਼ੇ ਦੀ ਲਤ ਕਾਰਨ ਹੋਈ ਦੱਸੀ ਜਾ ਰਹੀ ਹੈ, ਜਦਕਿ ਉਨ੍ਹਾਂ ਦੇ ਪਿਤਾ ਮੁਖਤਿਆਰ ਸਿੰਘ ਦੀ ਵੀ ਕਈ ਸਾਲ ਪਹਿਲਾਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਹੁਣ ਪਰਿਵਾਰ ਵਿਚ ਸਿਰਫ਼ ਮਾਂ, ਦੋ ਵਿਧਵਾ ਨੂੰਹਾਂ ਅਤੇ ਤਿੰਨ ਮਾਸੂਮ ਬੱਚੇ ਬਚੇ ਹਨ |
ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਭਾਜਪਾ ਵਰਕਿੰਗ ਕਮੇਟੀ ਦੇ ਪ੍ਰਧਾਨ ਵਿਧਾਇਕ ਅਸ਼ਵਨੀ ਸ਼ਰਮਾ ਅੱਜ ਪਿੰਡ ਸ਼ੇਰੇਵਾਲ ਪਹੁੰਚੇ | ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਦਿਲਾਸਾ ਦਿੱਤਾ ਕਿ ਭਾਜਪਾ ਇਸ ਦੁੱਖ ਦੀ ਘੜੀ ਵਿਚ ਉਸ ਨਾਲ ਖੜ੍ਹੀ ਹੈ |
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਸ ਪਿੰਡ ’ਚ ਇਕੋ ਪਰਿਵਾਰ ਦੇ 6 ਪੁੱਤਰਾਂ ਦੀ ਨਸ਼ੇ ਨਾਲ ਮੌਤ ਹੋ ਜਾਣਾ ਸੂਬਾ ਸਰਕਾਰ ਦੇ ਮੱਥੇ ਉੱਪਰ ਕਲੰਕ ਹੈ। ਉਨ੍ਹਾਂ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਨੂੰ ਸੁਧਾਰਨ ਲਈ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀ ਪਰ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ | ਅੱਜ ਹਾਲਾਤ ਅਜਿਹੇ ਹਨ ਕਿ ਪੂਰੀਆਂ ਪੀੜ੍ਹੀਆਂ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਹਨ | ਉਹ ਸ਼ੇਰੇਵਾਲ ਪਿੰਡ ਦੇ ਇਸ ਪਰਿਵਾਰ ਦਾ ਮੁੱਦਾ ਵਿਧਾਨ ਸਭਾ ਵਿਚ ਉਠਾਉਣਗੇ।
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਵਰਗੀ ਮੁਹਿੰਮ ਚਲਾ ਰਹੀ ਹੈ, ਜਦਕਿ ਦੂਜੇ ਪਾਸੇ ਜ਼ਮੀਨੀ ਹਕੀਕਤ ਬਿਲਕੁੱਲ ਵੱਖਰੀ ਹੈ | ਸਰਕਾਰ ਨੂੰ ਪਿੰਡ ਸ਼ੇਰੇਵਾਲ ਆ ਕੇ ਖੁਦ ਦੇਖਣਾ ਚਾਹੀਦਾ ਹੈ ਕਿ ਕਿਵੇਂ ਇਕੋ ਪਰਿਵਾਰ ਦੇ 6 ਪੁੱਤਰ ਨਸ਼ੇ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਇਸ ਮੌਕੇ ਅਮਰੀਕ ਸਿੰਘ ਆਲੀਵਾਲ, ਗੇਜਾਰਾਮ ਵਾਲਮੀਕਿ ਅਤੇ ਜ਼ਿਲਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਆਦਿ ਹਾਜ਼ਰ ਸਨ |
Read More : ਪੰਜਾਬ ਭਾਜਪਾ ਦੇ ਵਫਦ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਕੀਤੀ ਮੁਲਾਕਾਤ
