ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਜ਼ਿਲਾ ਪ੍ਰਸ਼ਾਸਨ ਤੇ ਪੂਰੀ ਪ੍ਰਸ਼ਾਸਨਿਕ ਮਸ਼ੀਨਰੀ ਵਚਨਬੱਧ : ਵਿਨੇ ਬੁਬਲਾਨੀ
ਪਟਿਆਲਾ, 3 ਸਤੰਬਰ : ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੇ ਬੁਬਲਾਨੀ ਨੇ ਘਨੌਰ ਦੇ ਘੱਗਰ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਦੌਰਾ ਕਰ ਕੇ ਪਾਣੀ ਦੇ ਵਹਾਅ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਐੱਸ. ਡੀ. ਐੱਮ. ਰਾਜਪੁਰਾ ਅਵਿਕੇਸ਼ ਗੁਪਤਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਜ਼ਿਲਾ ਪ੍ਰਸ਼ਾਸਨ ਤੇ ਪੂਰੀ ਪ੍ਰਸ਼ਾਸਨਿਕ ਮਸ਼ੀਨਰੀ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਕੰਟਰੋਲ ਹੇਠ ਹੈ। ਪ੍ਰਸ਼ਾਸਨ ਨੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਿਆਰੀ ਕੀਤੀ ਹੈ।
ਵਿਨੇ ਬੁੁਲਾਨੀ ਨੇ ਕਿਹਾ ਕਿ ਘੱਗਰ ਦੇ ਕੈਚਮੈਂਟ ਖੇਤਰ ’ਚ ਪਏ ਮੀਂਹ ਕਰ ਕੇ ਨਦੀਆਂ ’ਚ ਪਾਣੀ ਵਧ ਗਿਆ ਹੈ, ਜੋ ਕਿ ਘਨੌਰ ਦੇ ਕਈ ਪਿੰਡਾਂ ’ਚ ਘੱਗਰ ਦੇ ਕਿਨਾਰੇ ਟੱਪ ਕੇ ਪਾਣੀ ਖੇਤਾਂ ’ਚ ਫੈਲ ਗਿਆ ਹੈ ਪਰ ਆਬਾਦੀ ਤੱਕ ਨਹੀਂ ਗਿਆ। ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਜੇਕਰ ਕਿਸੇ ਜਗ੍ਹਾ ਪਾਣੀ ਦੇ ਦਬਾਅ ਕਰ ਕੇ ਘੱਗਰ ਨਦੀ ਵਿਚ ਪਾੜ ਪੈ ਜਾਂਦਾ ਹੈ ਤਾਂ ਸਥਿਤੀ ਗੰਭੀਰ ਵੀ ਹੋ ਸਕਦੀ ਹੈ। ਇਸ ਲਈ ਸਥਾਨਕ ਵਸਨੀਕ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ।
ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਟੀਮਾਂ ਵੱਲੋਂ ਲਗਾਤਾਰ ਸਥਿਤੀ ਉੱਪਰ ਨਿਗਰਾਨੀ ਰੱੱਖੀ ਜਾ ਰਹੀ ਹੈ। ਲੋਕਾਂ ਨਾਲ ਸੰਪਰਕ ਸਾਧਦੇ ਹੋਏ ਹੜ੍ਹ ਰੋਕੂ ਕਾਰਜਾਂ ਦੀ ਵੀ ਪੂਰੀ ਤਿਆਰੀ ਕੀਤੀ ਗਈ ਹੈ। ਇਸ ਮੌਕੇ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਥਮ ਗੰਭੀਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Read More : ਖਤਰੇ ਦੇ ਨਿਸ਼ਾਨ ਨੇੜੇ ਟਾਂਗਰੀ ਵਿਚ ਪਾਣੀ ਦਾ ਪੱਧਰ, ਚਿਤਾਵਨੀ ਜਾਰੀ