Sri Anandpur Sahib

ਮੁੱਖ ਮੰਤਰੀ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਲੋਕਾਂ ਨੂੰ ਕੀਤੀ ਸਮਰਪਿਤ

ਇਹ ਯਾਦਗਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਉਣ ਵਾਲੇ ਮਹਾਨ ਸਿੱਖ ਯੋਧੇ ਨੂੰ ਨਿਮਰ ਸ਼ਰਧਾਂਜਲੀ ਹੋਵੇਗੀ

ਸ੍ਰੀ ਆਨੰਦਪੁਰ ਸਾਹਿਬ, 5 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਨ ਸਿੱਖ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਨਾਂ ’ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਅਤਿ-ਆਧੁਨਿਕ ਯਾਦਗਾਰ ਅੱਜ ਲੋਕਾਂ ਨੂੰ ਸਮਰਪਿਤ ਕੀਤੀ। ਮੁੱਖ ਮੰਤਰੀ ਨੇ ਭਾਈ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਅੱਗੇ ਡੂੰਘੀ ਸ਼ਰਧਾ ਅਤੇ ਸਤਿਕਾਰ ਨਾਲ ਆਪਣਾ ਸਿਰ ਝੁਕਾਇਆ, ਜਿਨ੍ਹਾਂ ਨੇ ਚਮਕੌਰ ਸਾਹਿਬ ਦੀ ਇਤਿਹਾਸਕ ਜੰਗ ਵਿਚ ਸਵਾ ਲੱਖ ਮੁਗਲ ਸੈਨਿਕਾਂ ਨਾਲ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ।

ਉਨ੍ਹਾਂ ਕਿਹਾ ਕਿ ਖਾਲਸੇ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਬਾਬਾ ਜੀਵਨ ਸਿੰਘ ਜੀ ਦੀ ਯਾਦ ਵਿਚ ਅੱਜ ਮਨੁੱਖਤਾ ਨੂੰ ਸਮਰਪਿਤ ਪੰਜ ਗੈਲਰੀਆਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜੋ ਆਪਣੇ ਡਿਜ਼ਾਈਨ ਰਾਹੀਂ ਇਤਿਹਾਸ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਯਾਦਗਾਰ ਦਾ ਡਿਜ਼ਾਈਨ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿੰਗ ਵੱਲੋਂ ਤਿਆਰ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ ਦੋ ਪੜਾਵਾਂ ਵਿਚ ਮੁਕੰਮਲ ਹੋ ਚੁੱਕੀ ਹੈ ਕਿਉਂਕਿ ਪਹਿਲੇ ਪੜਾਅ ਵਿਚ ਮੁੱਖ ਇਮਾਰਤ ਦੀ ਉਸਾਰੀ ਫਰਵਰੀ 2024 ਵਿਚ ਪੂਰੀ ਹੋਈ ਸੀ ਅਤੇ ਇਸ ਦਾ ਉਦਘਾਟਨ ਕੀਤਾ ਗਿਆ ਸੀ। ਦੂਜੇ ਪੜਾਅ ਵਿਚ ਉਨ੍ਹਾਂ ਕਿਹਾ ਕਿ ਇਮਾਰਤ ਦੇ ਦੋਵਾਂ ਵਿੰਗਾਂ ਦੇ ਅੰਦਰ ਬਣੀਆਂ ਪੰਜ ਗੈਲਰੀਆਂ ਨੂੰ ਅੱਜ ਸਮਰਪਿਤ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰਾਜੈਕਟ ਦੀ ਕੁੱਲ ਲਾਗਤ 29 ਕਰੋੜ ਰੁਪਏ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜਾਇਬ ਘਰ ਮਹਾਨ ਸਿੱਖ ਯੋਧੇ ਬਾਬਾ ਜੀਵਨ ਸਿੰਘ ਦੇ ਜੀਵਨ ਅਤੇ ਕੁਰਬਾਨੀ ਨੂੰ ਢੁਕਵੇਂ ਢੰਗ ਨਾਲ ਪ੍ਰਦਰਸ਼ਿਤ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੈਲਾਨੀਆਂ ਨੂੰ ਯਾਦਗਾਰ ਦੇ ਪ੍ਰਵੇਸ਼ ਦੁਆਰ ’ਤੇ ਪ੍ਰਦਰਸ਼ਿਤ ਮਾਡਲਾਂ ਅਤੇ ਵੀਡੀਓਜ਼ ਰਾਹੀਂ ਯਾਦਗਾਰ ਬਾਰੇ ਜਾਣਕਾਰੀ ਮਿਲੇਗੀ। ਉਨ੍ਹਾਂ ਕਿਹਾ ਕਿ ਪਹਿਲੀ ਗੈਲਰੀ ਸਿੱਖ ਗੁਰੂਆਂ ਬਾਰੇ ਜਾਣਕਾਰੀ ਦਿੰਦੀ ਹੈ ਅਤੇ ਦਰਸਾਉਂਦੀ ਹੈ ਕਿ ਕਿਵੇਂ ਬਾਬਾ ਜੀਵਨ ਸਿੰਘ ਦੇ ਪੁਰਖੇ ਸ਼ੁਰੂ ਤੋਂ ਹੀ ਉਨ੍ਹਾਂ ਨਾਲ ਅਧਿਆਤਮਕ ਤੌਰ ’ਤੇ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਇੱਥੇ ਇਤਿਹਾਸ ਨੂੰ ਜੀਵਤ ਕਰਨ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੂਜੀ ਗੈਲਰੀ ਬਾਬਾ ਜੀਵਨ ਸਿੰਘ ਦੇ ਮਾਪਿਆਂ ਦੇ ਵਿਆਹ, ਉਨ੍ਹਾਂ ਦੇ ਜਨਮ ਅਤੇ ਉਨ੍ਹਾਂ ਦੇ ਪਰਿਵਾਰ ਦੇ ਪੁਰਖਿਆਂ ਦੇ ਵੰਸ਼ ਨੂੰ ਦਰਸਾਉਂਦੀ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਤੀਜੀ ਗੈਲਰੀ ਕਸ਼ਮੀਰੀ ਪੰਡਤਾਂ ’ਤੇ ਹੋਏ ਅਤਿਆਚਾਰ, ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੀ ਬੇਨਤੀ, ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ਹਾਦਤ ਲਈ ਉਨ੍ਹਾਂ ਦੀ ਵਿਦਾਇਗੀ ਅਤੇ ਬਾਬਾ ਜੀਵਨ ਸਿੰਘ ਦੇ ਮੁੱਢਲੇ ਜੀਵਨ ਅਤੇ ਸਿੱਖਿਆ ਨੂੰ ਦਰਸਾਉਂਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਵਿਚ ਚਾਂਦਨੀ ਚੌਕ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਆਡੀਓ-ਵਿਜ਼ੂਅਲ ਪੇਸ਼ਕਾਰੀ ਅਤੇ ਭਾਈ ਜੈਤਾ ਜੀ ਨੂੰ ਗੁਰੂ ਜੀ ਦੇ ਸੀਸ ਨੂੰ ਵਾਪਸ ਲਿਆਉਂਦੇ ਹੋਏ ਦਿਖਾਇਆ ਗਿਆ ਇਕ ਦ੍ਰਿਸ਼ ਵੀ ਹੈ। ਉਨ੍ਹਾਂ ਕਿਹਾ ਕਿ ਚੌਥੀ ਗੈਲਰੀ ਪੇਂਟਿੰਗਾਂ ਅਤੇ ਮਲਟੀ-ਮੀਡੀਆ ਰਾਹੀਂ ਉਸ ਪਲ ਨੂੰ ਪ੍ਰਦਰਸ਼ਿਤ ਕਰਦੀ ਹੈ, ਜਦੋਂ ਬਾਬਾ ਜੀਵਨ ਸਿੰਘ ਨੇ ਨੌਵੇਂ ਗੁਰੂ ਜੀ ਦਾ ਪਵਿੱਤਰ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੰਗਰੇਟਾ ਗੁਰੂ ਕਾ ਬੇਟਾ ਦੀ ਉਪਾਧੀ ਦਿੱਤੀ ਗਈ ਸੀ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਗੁਰੂ ਜੀ ਦੇ ਸੀਸ ਨੂੰ ਕੀਰਤਪੁਰ ਸਾਹਿਬ ਵਾਪਸ ਲਿਆਉਣ ਦੀ ਔਖੀ ਯਾਤਰਾ ਨੌਜਵਾਨ ਪੀੜ੍ਹੀਆਂ ਨੂੰ ਨਿਰਸਵਾਰਥ ਸੇਵਾ ਲਈ ਵੀ ਪ੍ਰੇਰਿਤ ਕਰੇਗੀ ਅਤੇ ਕਿਹਾ ਕਿ ਇਹ ਗੈਲਰੀ ਬਾਬਾ ਜੀਵਨ ਸਿੰਘ ਜੀ ਦੀ ਦੇ ਵਿਆਹ, ਖਾਲਸੇ ਦੀ ਸਿਰਜਣਾ ਅਤੇ ਵੱਖ-ਵੱਖ ਲੜਾਈਆਂ ਵਿਚ ਉਨ੍ਹਾਂ ਦੀ ਬਹਾਦਰੀ ਨੂੰ ਵੀ ਦਰਸਾਉਂਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਵੀਂ ਗੈਲਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਨਾਲ ਸਬੰਧਤ ਇਤਿਹਾਸਕ ਸਥਾਨਾਂ, ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਆਨੰਦਪੁਰ ਸਾਹਿਬ ਤੋਂ ਜਾਣ ਨੂੰ ਦਰਸਾਉਂਦੀ ਹੈ ਅਤੇ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਅਤੇ ਸ਼ਹਾਦਤ ਦੀ ਐਨੀਮੇਟਿਡ ਪੇਸ਼ਕਾਰੀ ਨਾਲ ਸਮਾਪਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਗੈਲਰੀਆਂ ਤੋਂ ਬਾਅਦ ਇਕ ਤੋਹਫ਼ੇ ਦੀ ਦੁਕਾਨ ਅਤੇ ਇਕ ਪ੍ਰਦਰਸ਼ਨੀ ਖੇਤਰ ਹੈ, ਜਿਸ ਵਿਚ ਪੰਜਾਬ ਸੈਰ-ਸਪਾਟਾ ਨਾਲ ਜੁੜੇ ਸਥਾਨ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਸੂਬੇ ਦੀ ਸ਼ਾਨਦਾਰ ਵਿਰਾਸਤ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।

Read More : ਆਮ ਆਦਮੀ ਪਾਰਟੀ ਨੇ ਰਜਿੰਦਰ ਗੁਪਤਾ ਦੇ ਨਾਮ ‘ਤੇ ਲਾਈ ਮੋਹਰ

Leave a Reply

Your email address will not be published. Required fields are marked *