Asia Cup

ਸੰਯੁਕਤ ਅਰਬ ਅਮੀਰਾਤ ਵਿਚ ਹੋਵੇਗਾ ਏਸ਼ੀਆ ਕੱਪ

9 ਤੋਂ 28 ਸਤੰਬਰ ਤਕ ਹੋਣਗੇ ਮੈਚ, ਭਾਰਤ ਅਤੇ ਪਾਕਿਸਤਾਨ ਮੈਚ 14 ਸਤੰਬਰ ਨੂੰ ਹੋਵੇਗਾ

ਨਵੀਂ ਦਿੱਲੀ, 26 ਜੁਲਾਈ : ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸਨੀਵਾਰ ਨੂੰ ਐਲਾਨ ਕੀਤਾ ਕਿ ਪੁਰਸ਼ ਏਸ਼ੀਆ ਕੱਪ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ 9 ਤੋਂ 28 ਸਤੰਬਰ ਤੱਕ ਕਰਵਾਇਆ ਜਾਵੇਗਾ।

ਮਿਲੀ ਖਰੜਾ ਸੂਚੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਗਰੁੱਪ ਮੈਚ 14 ਸਤੰਬਰ (ਐਤਵਾਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਹਾਂ ਟੀਮਾਂ ਨੂੰ ਇਕ ਹੀ ਗਰੁੱਪ ’ਚ ਰੱਖਿਆ ਗਿਆ ਹੈ। ਇਸ ਤੋਂ ਅਗਲੇ ਐਤਵਾਰ ਦੋਹਾਂ ਟੀਮਾਂ ਵਿਚਕਾਰ (21 ਸਤੰਬਰ) ਨੂੰ ‘ਸੁਪਰ ਫੋਰ’ ਮੁਕਾਬਲਾ ਹੋਣ ਦੀ ਵੀ ਉਮੀਦ ਹੈ। ਭਾਰਤ ਅਪਣੀ ਮੁਹਿੰਮ ਦੀ ਸ਼ੁਰੂਆਤ 10 ਸਤੰਬਰ ਨੂੰ ਯੂ.ਏ.ਈ. ਵਿਰੁਧ ਕਰੇਗਾ ਅਤੇ ਅਪਣੇ ਸਾਰੇ ਮੈਚ ਦੁਬਈ ਵਿਚ ਖੇਡਣ ਦੀ ਸੰਭਾਵਨਾ ਹੈ।

ਭਾਰਤ, ਪਾਕਿਸਤਾਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਨੂੰ ਗਰੁੱਪ ਏ ਵਿਚ ਰੱਖਿਆ ਗਿਆ ਹੈ ਜਦਕਿ ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ ਅਤੇ ਹਾਂਗਕਾਂਗ ਨੂੰ ਗਰੁੱਪ ਬੀ ਵਿਚ ਰੱਖਿਆ ਗਿਆ ਹੈ। ਏ.ਸੀ.ਸੀ. 19 ਮੈਚਾਂ ਦੇ ਟੂਰਨਾਮੈਂਟ ਲਈ 17 ਮੈਂਬਰੀ ਟੀਮਾਂ ਨੂੰ ਇਜਾਜ਼ਤ ਦੇਵੇਗਾ ਅਤੇ ਮੈਚ ਦੁਬਈ ਅਤੇ ਅਬੂ ਧਾਬੀ ਵਿਚ ਖੇਡੇ ਜਾਣਗੇ।

ਇਸ ਤੋਂ ਪਹਿਲਾਂ ਨਕਵੀ, ਜੋ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਵੀ ਹਨ, ਨੇ ‘ਐਕਸ’ ਉਤੇ ਟੂਰਨਾਮੈਂਟ ਦਾ ਰਸਮੀ ਐਲਾਨ ਕੀਤਾ ਸੀ। 24 ਜੁਲਾਈ ਨੂੰ ਏਸੀਸੀ ਦੀ ਮੀਟਿੰਗ ਵਿਚ ਸਮਾਗਮ ਦੇ ਸਥਾਨ ਦਾ ਫੈਸਲਾ ਕੀਤਾ ਗਿਆ ਸੀ। ਸਾਰੇ 25 ਮੈਂਬਰ ਦੇਸ਼ਾਂ ਨੇ ਮੀਟਿੰਗ ਵਿਚ ਹਿੱਸਾ ਲਿਆ।

ਬੀ.ਸੀ.ਸੀ.ਆਈ. ਟੂਰਨਾਮੈਂਟ ਦਾ ਮੇਜ਼ਬਾਨ ਹੈ ਪਰ ਇਹ ਸੰਯੁਕਤ ਅਰਬ ਅਮੀਰਾਤ ਵਿਚ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਨੇ ਆਪਸੀ ਸਹਿਮਤੀ ਨਾਲ 2027 ਤਕ ਸਿਰਫ ਨਿਰਪੱਖ ਸਥਾਨਾਂ ਉਤੇ ਮੁਕਾਬਲਾ ਕਰਨ ਉਤੇ ਸਹਿਮਤੀ ਜਤਾਈ ਹੈ।

ਪ੍ਰਸਾਰਕਾਂ ਨਾਲ ਏ.ਸੀ.ਸੀ. ਦੇ ਸਮਝੌਤੇ ਅਨੁਸਾਰ ਭਾਰਤ ਅਤੇ ਪਾਕਿਸਤਾਨ ਨੂੰ ਇਕੋ ਗਰੁੱਪ ਵਿਚ ਰੱਖਿਆ ਜਾਵੇਗਾ ਅਤੇ ਸੁਪਰ ਫੋਰ ਪੜਾਅ ਵਿਚ ਇਕ-ਦੂਜੇ ਨੂੰ ਇਕ ਹੋਰ ਮੌਕਾ ਮਿਲੇਗਾ ਅਤੇ ਜੇਕਰ ਦੋਵੇਂ ਟੀਮਾਂ ਫਾਈਨਲ ਵਿਚ ਪਹੁੰਚਦੀਆਂ ਹਨ ਤਾਂ ਤੀਜਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ।

ਏਸ਼ੀਆ ਕੱਪ ਦਾ ਇਹ ਐਡੀਸ਼ਨ ਟੀ-20 ਫਾਰਮੈਟ ਵਿਚ ਕੀਤਾ ਜਾਵੇਗਾ ਜਿਵੇਂ ਕਿ ਰਵਾਇਤ ਹੈ ਕਿ ਆਈ.ਸੀ.ਸੀ. ਦੀ ਅਗਲੀ ਆਲਮੀ ਮੀਟਿੰਗ ਭਾਰਤ ਅਤੇ ਸ਼੍ਰੀਲੰਕਾ ਵਿਚ ਟੀ-20 ਵਿਸ਼ਵ ਕੱਪ ਹੈ।

Read More : ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਵਫਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮਿਲਿਆ

Leave a Reply

Your email address will not be published. Required fields are marked *